ਭਾਰਤੀਆਂ ਨੇ ਚੀਨੀਆਂ ਨੂੰ ਵਿਦੇਸ਼ਾਂ ਤੋਂ ਪੈਸੇ ਭੇਜਣ ਦੇ ਮਾਮਲੇ 'ਚ ਪਛਾੜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਿਦੇਸ਼ 'ਚ ਵਸਦੇ ਭਾਰਤੀਆਂ ਨੇ ਆਪਣੇ ਘਰ-ਪਰਿਵਾਰ ਦੇ ਲੋਕਾਂ ਨੂੰ 69 ਅਰਬ ਡਾਲਰ ਭੇਜੇ

Currency

ਨਵੀਂ ਦਿੱਲੀ— ਵਿਦੇਸ਼ 'ਚ ਵਸਦੇ ਆਪਣੇ ਦੇਸ਼ ਦੇ ਲੋਕਾਂ ਤੋਂ ਧਨ ਪ੍ਰਾਪਤ ਕਰਨ 'ਚ ਭਾਰਤ ਸਿਖ਼ਰਲੇ ਸਥਾਨ 'ਤੇ ਕਾਇਮ ਰਿਹਾ ਹੈ। ਵਿਸ਼ਵ ਬੈਂਕ ਨੇ ਕਿਹਾ ਹੈ ਕਿ 2017 'ਚ ਵਿਦੇਸ਼ 'ਚ ਵਸਦੇ ਭਾਰਤੀਆਂ ਨੇ ਆਪਣੇ ਘਰ-ਪਰਿਵਾਰ ਦੇ ਲੋਕਾਂ ਨੂੰ 69 ਅਰਬ ਡਾਲਰ ਭੇਜੇ, ਜੋ ਇਸ ਤੋਂ ਪਿਛਲੇ ਸਾਲ ਦੇ ਮੁਕਾਬਲੇ 'ਚ 9.9 ਫੀਸਦੀ ਜ਼ਿਆਦਾ ਹੈ। ਵਿਸ਼ਵ ਬੈਂਕ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ 2017 'ਚ ਵਿਦੇਸ਼ 'ਚ ਰਹਿਣ ਵਾਲੇ ਭਾਰਤੀਆਂ ਨੇ ਦੇਸ਼ 'ਚ 69 ਅਰਬ ਡਾਲਰ ਭੇਜੇ।


ਇਹ ਇਸ ਤੋਂ ਪਹਿਲੇ ਸਾਲ ਦੀ ਤੁਲਨਾ 'ਚ ਜ਼ਿਆਦਾ ਹੈ ਪਰ 2014 'ਚ ਪ੍ਰਾਪਤ 70.4 ਅਰਬ ਡਾਲਰ ਦੇ ਰੇਮਿਟੈਂਸ ਤੋਂ ਘੱਟ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਯੂਰਪ, ਰੂਸ ਤੇ ਅਮਰੀਕਾ 'ਚ ਆਰਥਿਕ ਵਿਕਾਸ ਤੇਜ਼ ਹੋਣ ਕਰਕੇ ਰੇਮਿਟੈਂਸ 'ਚ ਜ਼ਿਕਰਯੋਗ ਵਾਧਾ ਹੋਇਆ ਹੈ। ਇਥੇ ਦੱਸਣਯੋਗ ਹੈ ਕਿ ਕਈ ਗਰੀਬ ਦੇਸ਼ਾਂ ਦੇ ਅਰਥਚਾਰੇ ਲਈ ਰੇਮਿਟੈਂਸ ਵੱਡਾ ਸਹਾਰਾ ਹੁੰਦਾ ਹੈ।
ਵਿਸ਼ਵ ਬੈਂਕ ਦਾ ਕਹਿਣ ਹੈ ਕਿ ਕੱਚੇ ਤੇਲ ਦੇ ਉੱਚੇ ਰੇਟ ਤੇ ਯੂਰੋ ਤੇ ਰੂਬਲ 'ਚ ਆਈ ਮਜ਼ਬੂਤੀ ਨਾਲ ਰੇਮਿਟੈਂਸ ਵਧਿਆ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸਮੀਖਿਆਧੀਨ ਸਮੇਂ 'ਚ ਜਿਥੇ ਭਾਰਤ ਨੂੰ 69 ਅਰਬ ਡਾਲਰ ਦਾ ਰੇਮਿਟੈਂਸ ਮਿਲਿਆ, ਉਥੇ 64 ਅਰਬ ਡਾਲਰ ਦੇ ਨਾਲ ਚੀਨ ਦੂਜੇ ਸਥਾਨ 'ਤੇ ਰਿਹਾ। ਫਿਲਪੀਨਜ਼ ਨੂੰ 33 ਅਰਬ ਡਾਲਰ, ਮੈਕਸੀਕੋ ਨੂੰ 31 ਅਰਬ ਡਾਲਰ, ਨਾਈਜੀਰੀਆ ਨੂੰ 22 ਅਰਬ ਡਾਲਰ ਤੇ ਮਿਸਰ ਨੂੰ 20 ਅਰਬ ਡਾਲਰ ਰੇਮਿਟੈਂਸ ਤੋਂ ਮਿਲੇ।