ਕੋਰੋਨਾ: ਨਵੀਂ ਸਟਡੀ ਨੇ ਵਧਾਈਆਂ ਚੀਨ ਦੀਆਂ ਮੁਸ਼ਕਿਲਾਂ, ਹੋਰ ਪੱਕਾ ਹੋਇਆ ਦੁਨੀਆ ਦਾ ਸ਼ੱਕ!

ਏਜੰਸੀ

ਖ਼ਬਰਾਂ, ਕੌਮਾਂਤਰੀ

ਵੁਹਾਨ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਅਚਾਨਕ 50 ਪ੍ਰਤੀਸ਼ਤ ਵਾਧਾ ਹੋਣ ਤੋਂ ਬਾਅਦ ਇਸ ਦੇ ਅਧਿਕਾਰਤ ਅੰਕੜਿਆਂ 'ਤੇ ਸ਼ੱਕ ਵਧਦਾ ਜਾ ਰਿਹਾ ਹੈ।

Photo

ਹੁਬੇਈ: ਵੁਹਾਨ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਅਚਾਨਕ 50 ਪ੍ਰਤੀਸ਼ਤ ਵਾਧਾ ਹੋਣ ਤੋਂ ਬਾਅਦ ਇਸ ਦੇ ਅਧਿਕਾਰਤ ਅੰਕੜਿਆਂ 'ਤੇ ਸ਼ੱਕ ਵਧਦਾ ਜਾ ਰਿਹਾ ਹੈ। ਪਿਛਲੇ ਹਫ਼ਤੇ ਚੀਨ ਨੇ ਵੁਹਾਨ ਦੀਆਂ ਮੌਤਾਂ ਦੀ ਗਿਣਤੀ ਵਿਚ ਵਾਧਾ ਕਰਦਿਆਂ ਕਿਹਾ ਸੀ ਕਿ ਕਈ ਕਾਰਨਾਂ ਕਰਕੇ ਇਹਨਾਂ ਮੌਤਾਂ ਦੇ ਰਿਕਾਰਡ ਹਸਪਤਾਲਾਂ ਵਿਚ ਦਰਜ ਨਹੀਂ ਕੀਤੇ ਜਾ ਸਕੇ ਸੀ।

ਹੁਣ ਹਾਂਗਕਾਂਗ ਦੇ ਖੋਜਕਰਤਾਵਾਂ ਨੇ ਇਕ ਅਧਿਐਨ ਵਿਚ ਕਿਹਾ ਹੈ ਕਿ ਚੀਨ ਵਿਚ ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ਵਿਚ ਸੰਕਰਮਣ  ਅੰਕੜਾ 2,32,000 ਤੋਂ ਵੱਧ ਹੋ ਸਕਦਾ ਹੈ। ਇਹ ਗਿਣਤੀ ਸਰਕਾਰੀ ਅੰਕੜੇ ਤੋਂ ਚਾਰ ਗੁਣਾ ਜ਼ਿਆਦਾ ਹੈ। 

ਚੀਨ ਨੇ 20 ਫਰਵਰੀ ਤੱਕ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਸਿਰਫ 55,000 ਮਾਮਲਿਆਂ ਦੀ ਹੀ ਪੁਸ਼ਟੀ ਕੀਤੀ ਸੀ, ਪਰ ਹਾਂਗਕਾਂਗ ਯੂਨੀਵਰਸਿਟੀ ਦੇ ਸਕੂਲ ਆਫ਼ ਪਬਲਿਕ ਹੈਲਥ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜੇਕਰ ਚੀਨ ਨੇ ਸੰਕਰਮਣ ਦੀ ਪਰਿਭਾਸ਼ਾ ਨੂੰ ਸ਼ੁਰੂ ਤੋਂ ਹੀ ਲਾਗੂ ਕੀਤਾ ਹੁੰਦਾ, ਤਾਂ ਕੋਰੋਨਾ ਸੰਕਰਮਿਤ ਸਰਕਾਰੀ ਅੰਕੜੇ ਇਸ ਤੋਂ ਵੀ ਵੱਧ ਹੁੰਦੇ।

ਚੀਨ ਵਿਚ ਕੋਰੋਨਾ ਵਾਇਰਸ ਦੇ 83,000 ਤੋਂ ਵੱਧ ਮਾਮਲੇ ਹਨ। ਜਦਕਿ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2 ਲੱਖ ਦੇ ਨੇੜੇ ਹੈ ਅਤੇ ਸੰਕਰਮਣ ਦੇ 26 ਲੱਖ ਤੋਂ ਵੱਧ ਮਾਮਲੇ ਹਨ। ਸਾਰੇ ਦੇਸ਼ਾਂ ਵਿਚ ਕੋਰੋਨਾ ਸੰਕਰਮਣ ਦੇ ਮਾਮਲੇ ਚੀਨ ਦੇ ਅੰਕੜਿਆਂ ਨੂੰ ਪਾਰ ਕਰ ਗਏ ਹਨ ਅਤੇ ਹਾਲੇ ਵੀ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ।

 ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ 15 ਜਨਵਰੀ ਤੋਂ 3 ਮਾਰਚ ਵਿਚਕਾਰ ਕੋਰੋਨਾ ਵਾਇਰਸ ਦੀ ਸੰਕਰਮਣ ਦੀਆਂ ਲਗਭਗ 7 ਵੱਖ-ਵੱਖ ਪਰਿਭਾਸ਼ਾਵਾਂ ਤੈਅ ਕੀਤੀਆਂ ਹਨ। ਅਧਿਐਨ ਵਿਚ ਪਾਇਆ ਗਿਆ ਕਿ ਪਰਿਭਾਸ਼ਾ ਨੂੰ ਬਦਲਣ ਕਾਰਨ ਸੰਕਰਮਣ ਦੇ ਅਸਲ ਅਤੇ ਅਧਿਕਾਰਤ ਮਾਮਲਿਆਂ ਵਿਚ ਵੱਡਾ ਅੰਤਰ ਆ ਗਿਆ।

ਹਾਂਗਕਾਂਗ ਦੇ ਅਧਿਐਨ ਵਿਚ ਵੁਹਾਨ ਵਿਚ ਵਿਸ਼ਵ ਸਿਹਤ ਸੰਗਠਨ ਮਿਸ਼ਨ ਵੱਲੋਂ 20 ਫਰਵਰੀ ਤੱਕ ਦੇ ਜਾਰੀ ਕੀਤੇ ਗਏ ਅੰਕੜਿਆਂ ਨੂੰ ਸ਼ਾਮਲ ਕੀਤਾ ਗਿਆ ਸੀ। ਅਧਿਐਨ ਵਿਚ ਅਨੁਮਾਨ ਲਗਾਇਆ ਕਿ ਚੀਨੀ ਸਰਕਾਰ ਦੀਆਂ ਸ਼ੁਰੂਆਤੀ ਚਾਰ ਤਬਦੀਲੀਆਂ ਕਾਰਨ ਕੋਰੋਨਾ ਸੰਕਰਮਣ ਦੇ ਅੰਕੜਿਆਂ ਦਾ ਅੰਤਰ 2.8 ਤੋਂ 7.1 ਗੁਣਾ ਤੱਕ ਵਧ ਗਿਆ।

ਚੀਨ ਦੇ ਅੰਕੜਿਆਂ 'ਤੇ ਇਸ ਲਈ ਸਵਾਲ ਚੁੱਕੇ ਜਾ ਰਹੇ ਹਨ ਕਿਉਂਕਿ ਉਹ ਸ਼ੁਰੂ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਬਿਨਾਂ ਕਿਸੇ ਲੱਛਣ ਵਾਲੇ ਮਰੀਜ਼ਾਂ ਨੂੰ ਸ਼ਾਮਲ ਨਹੀਂ ਕਰ ਰਿਹਾ ਸੀ, ਜੇਕਰ ਕਿਸੇ ਵਿਚ ਕੋਰੋਨਾ ਦੇ ਸੰਕੇਤ ਨਹੀਂ ਮਿਲਦੇ ਪਰ ਟੈਸਟ ਪਾਜ਼ੀਟਿਵ ਸੀ ਤਾਂ ਉਸ ਨੂੰ ਕੋਰੋਨਾ ਕਨਫਰਮ ਕੇਸ ਨਹੀਂ ਮੰਨਿਆ ਜਾਂਦਾ ਸੀ।