ਭਾਰਤ ਜਿਹੇ ਮੁਲਕਾਂ ਨੂੰ ਆਕਸੀਜਨ ਦੀ ਘਾਟ ਦਾ ਸਾਹਮਣਾ ਕਰਨਾ ਪੈ ਸਕਦੈ
ਗ਼ਰੀਬ ਮੁਲਕਾਂ ਕੋਲ ਤਿਆਰੀ ਲਈ ਮਹਿਜ਼ ਕੁੱਝ ਹਫ਼ਤਿਆਂ ਦਾ ਸਮਾਂ ਬਚਿਆ
ਪੈਰਿਸ, 22 ਅਪ੍ਰੈਲ : ਕੋਰੋਨਾ ਵਾਇਰਸ ਦੀ ਮਹਾਮਾਰੀ ਗ਼ਰੀਬ ਅਫ਼ਰੀਕੀ ਅਤੇ ਭਾਰਤ, ਪਾਕਿਸਤਾਨ, ਬੰਗਲਾਦੇਸ਼ ਸਣੇ ਹੋਰ ਦਖਣੀ ਏਸ਼ੀਆਈ ਮੁਲਕਾਂ ਨੂੰ ਵੀ ਅਪਣੇ ਲਪੇਟ ਵਿਚ ਤੇਜ਼ੀ ਨਾਲ ਲੈਂਦੀ ਜਾ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੇਸ਼ਾਂ ਕੋਲ ਤਿਆਰੀ ਲਈ ਮਹਿਜ਼ ਕੁੱਝ ਹਫ਼ਤਿਆਂ ਦਾ ਸਮਾਂ ਬਚਿਆ ਹੈ। ਉਨ੍ਹਾਂ ਚੇਤਾਵਨੀ ਦਿਤੀ ਕਿ ਇਨ੍ਹਾਂ ਦੇਸ਼ਾਂ ਵਿਚ ਵਾਇਰਸ ਦੀ ਲਾਗ ਕਾਰਨ ਸਾਹ ਦੀ ਤਕਲੀਫ਼ ਵਾਲੇ ਮਰੀਜ਼ਾਂ ਨੂੰ ਬਚਾਉਣ ਲਈ ਵੈਂਟੀਲੇਟਰ ਤਾਂ ਦੂਰ, ਆਕਸੀਜਨ ਤਕ ਦੀ ਕਮੀ ਹੋ ਸਕਦੀ ਹੈ।
ਮੈਲਬੋਰਨ ਯੂਨੀਵਰਸਿਟੀ ਹਸਪਤਾਲ ਅਤੇ ਅੰਤਰਰਾਸ਼ਟਰੀ ਬਾਲ ਸਿਹਤ ਕੇਂਦਰ ਵਿਚ ਬਾਲ ਰੋਕ ਮਾਹਰ ਹਮੀਸ਼ ਗ੍ਰਾਹਮ ਕਹਿੰਦੇ ਹਨ, 'ਹਕੀਕਤ ਇਹ ਹੈ ਕਿ ਹੁਣ ਅਫ਼ਰੀਕਾ ਅਤੇ ਏਸ਼ੀਆ ਪ੍ਰਸ਼ਾਂਤ ਖ਼ਿੱਤੇ ਵਿਚ ਆਕਸੀਜਨ ਇਕੋ ਇਕ ਥੈਰੇਪੀ ਹੈ ਜਿਸ ਨਾਲ ਲੋਕਾਂ ਦੀ ਜਾਨ ਬਚੇਗੀ।' ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਆਕਸੀਜਨ ਦੀ ਸਪਲਾਈ ਯਕੀਨੀ ਕੀਤੇ ਬਿਨਾਂ ਵੈਂਟੀਲੇਟਰ 'ਤੇ ਧਿਆਨ ਕੇਂਦਰਤ ਕਰਨ ਨਾਲ ਮੌਤਾਂ ਹੋਣਗੀਆਂ।
ਜ਼ਿਕਰਯੋਗ ਹੈ ਕਿ ਚੀਨ ਦੇ ਹਜ਼ਾਰਾਂ ਮਰੀਜ਼ਾਂ ਦੇ ਆਧਾਰ 'ਤੇ ਤਿਆਰ ਰੀਪੋਰਟ ਫ਼ਰਵਰੀ ਵਿਚ ਆਈ ਸੀ ਜਿਸ ਮੁਤਾਬਕ ਲਗਭਗ 20 ਫ਼ੀ ਸਦੀ ਕੋਵਿਡ-19 ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਪਈ ਸੀ। ਇਨ੍ਹਾਂ ਵਿਚੋਂ 14 ਫ਼ੀ ਸਦੀ ਮਰੀਜ਼ਾਂ ਦੀ ਆਮ ਆਕਸੀਜਨ ਥੈਰੇਪੀ ਦੀ ਲੋੜ ਪਈ ਜਦਕਿ ਪੰਜ ਫ਼ੀ ਸਦੀ ਨੂੰ ਵੈਂਟੀਲੇਟਰ ਦੀ ਲੋੜ ਪਈ। ਗ੍ਰਾਹਮ ਨੇ ਕਿਹਾ, 'ਗੰਭੀਰ ਲਾਗ ਵਿਚ ਕੋਰੋਨਾ ਵਾਇਰਸ ਫੇਫੜਿਆਂ 'ਤੇ ਹਮਲਾ ਕਰਦਾ ਹੈ ਜਿਸ ਨਾਲ ਨਿਮੋਨੀਆ ਜਿਹੇ ਲੱਛਣ ਹੁੰਦੇ ਹਨ। ਖ਼ੂਨ ਵਿਚ ਆਕਸੀਜਨ ਦੀ ਮਿਕਦਾਰ ਘੱਟ ਜਾਂਦੀ ਹੈ ਜਿਸ ਕਾਰਨ ਕਈ ਅੰਗਾਂ ਵਿਚ ਆਕਸੀਜਨ ਦੀ ਕਮੀ ਹੁੰਦੀ ਹੈ ਅਤੇ ਮੌਤ ਦਾ ਖ਼ਤਰਾ ਵੱਧ ਜਾਂਦਾ ਹੈ।'
ਉਨ੍ਹਾਂ ਕਿਹਾ ਕਿ ਅਫ਼ਰੀਕਾ ਅਤੇ ਏਸ਼ੀਆ ਪ੍ਰਸ਼ਾਂਤ ਖੇਤਰ ਵਿਚ ਕੀਤਾ ਗਿਆ ਸਰਵੇਖਣ ਦਸਦਾ ਹੈ ਕਿ ਲਗਭਗ ਅੱਧੇ ਹਸਪਤਾਲਾਂ ਵਿਚ ਹੀ ਆਕਸੀਜਨ ਦੀ ਉਪਲਭਧਤਾ ਕਿਸੇ ਵੀ ਸਮੇਂ ਹੁੰਦੀ ਹੈ ਅਤੇ ਇਥੋਂ ਤਕ ਕਿ ਕੁੱਝ ਹੀ ਸਿਹਤ ਕਾਮਿਆਂ ਕੋਲ ਖ਼ੂਨ ਵਿਚ ਆਕਸੀਜਨ ਦੀ ਮਾਤਰਾ ਵੇਖਣ ਲਈ ਆਕਸੀਮੀਟਰ ਨਾਮਕ ਉਪਕਰਨ ਹੁੰਦਾ ਹੈ। ਇਕ ਹੋਰ ਮਾਹਰ ਗ੍ਰੀਥ ਗ੍ਰੀਨਸਲੇਡ ਨੇ ਕਿਹਾ ਕਿ ਅਫ਼ਰੀਕਾ ਅਤੇ ਦਖਣੀ ਏਸ਼ੀਆ ਦੀਆਂ ਸਿਹਤ ਸੇਵਾਵਾਂ ਇਸ ਤਰ੍ਹਾਂ ਦੀ ਮਹਾਮਾਰੀ ਦਾ ਸਾਹਮਣਾ ਨਹੀਂ ਕਰ ਸਕਦੀਆਂ ਕਿਉਂਕਿ ਉਨ੍ਹਾਂ ਨੇ ਸਾਹ ਥੈਰੇਪੀ ਨਾਲ ਇਲਾਜ 'ਤੇ ਨਿਵੇਸ਼ ਨਹੀਂ ਕੀਤਾ। (ਏਜੰਸੀ)
ਤਾਲਾਬੰਦੀ ਠੀਕ ਪਰ ਪਹਿਲਾਂ ਸਿਹਤ ਸੇਵਾਵਾਂ ਸੁਧਾਰੋ
ਮਾਹਰਾਂ ਦਾ ਕਹਿਣਾ ਹੈ ਕਿ ਘੱਟ ਆਮਦਨ ਵਰਗ ਵਾਲੇ ਮੁਲਕ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਦੁਨੀਆਂ ਭਰ ਦੇ ਹੋਰ ਦੇਸ਼ਾਂ ਦੀ ਨਕਲ ਨਾ ਕਰਨ ਅਤੇ ਲਾਕਡਾਊਨ ਤੋਂ ਪਾਸੇ, ਸਿਹਤ ਸੇਵਾਵਾਂ ਨੂੰ ਸੁਧਾਰਨ ਲਈ ਫ਼ੌਰੀ ਤੌਰ 'ਤੇ ਕਦਮ ਚੁੱਕਣ। ਦੁਨੀਆਂ ਭਰ ਵਿਚ ਨਿਮੋਨੀਆ ਕਾਰਨ ਹਰ ਸਾਲ ਅੱਠ ਲੱਖ ਬੱਚਿਆਂ ਦੀਆਂ ਮੌਤਾਂ ਹੋ ਜਾਂਦੀਆਂ ਹਨ। 'ਸੇਵ ਦਾ ਚਿਲਡਰਨ' ਦੀ ਕਾਰਜਕਾਰੀ ਨਿਰਦੇਸ਼ਕ ਗਵੇਨ ਹਾਈਨ ਨੇ ਕਿਹਾ, 'ਹਰ ਥਾਂ ਲਾਗ ਦੀ ਗਤੀ ਮੱਠੀ ਕਰਨ ਦਾ ਕੰਮ ਚੱਲ ਰਿਹਾ ਹੈ ਪਰ ਜੇ ਹਸਪਤਾਲਾਂ ਵਿਚ ਬਿਸਤਰੇ ਨਹੀਂ ਹੋਣਗੇ ਜਿਵੇ ਮਲਾਵੀ ਵਿਚ 1.7 ਕਰੋੜ ਆਬਾਦੀ 'ਤੇ ਸਿਰਫ਼ 25 ਬਿਸਤਰੇ ਹਨ ਤਾਂ ਇਹ ਸਾਰੇ ਉਪਾਅ ਅਸਰਦਾਰ ਨਹੀਂ ਹੋਣਗੇ।'