ਗਾਜ਼ਾ ਵਿੱਚ ਇਜ਼ਰਾਈਲੀ ਹਮਲੇ ਵਿੱਚ 23 ਲੋਕਾਂ ਦੀ ਮੌਤ
ਅਰਬ ਵਿਚੋਲੇ ਹਮਾਸ ਨਾਲ ਜੰਗ ਖਤਮ ਕਰਨ ਦੇ ਪ੍ਰਸਤਾਵ 'ਤੇ ਕੰਮ ਕਰ ਰਹੇ ਹਨ
ਦੀਰ ਅਲ-ਬਲਾਹ: ਗਾਜ਼ਾ ਸ਼ਹਿਰ ਦੇ ਇੱਕ ਸਕੂਲ 'ਤੇ ਰਾਤ ਨੂੰ ਹੋਏ ਇਜ਼ਰਾਈਲੀ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 23 ਹੋ ਗਈ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।ਲੋਕਾਂ ਨੇ ਉਸ ਸਕੂਲ ਵਿੱਚ ਪਨਾਹ ਲਈ ਸੀ ਜਿਸ 'ਤੇ ਇਜ਼ਰਾਈਲ ਨੇ ਹਮਲਾ ਕੀਤਾ ਸੀ।
ਇਸ ਦੌਰਾਨ, ਅਰਬ ਵਿਚੋਲੇ ਹਮਾਸ ਨਾਲ ਜੰਗ ਖਤਮ ਕਰਨ ਦੇ ਪ੍ਰਸਤਾਵ 'ਤੇ ਕੰਮ ਕਰ ਰਹੇ ਹਨ। ਇਸ ਪ੍ਰਸਤਾਵ ਵਿੱਚ ਪੰਜ ਤੋਂ ਸੱਤ ਸਾਲਾਂ ਦੀ ਜੰਗਬੰਦੀ ਅਤੇ ਬਾਕੀ ਸਾਰੇ ਬੰਧਕਾਂ ਦੀ ਰਿਹਾਈ ਸ਼ਾਮਲ ਹੈ।
ਇਸ ਹਮਲੇ 'ਤੇ ਇਜ਼ਰਾਈਲ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ।ਹਮਲੇ ਵਿੱਚ ਕਈ ਤੰਬੂਆਂ ਨੂੰ ਅੱਗ ਲੱਗ ਗਈ, ਜਿਸ ਨਾਲ ਲੋਕ ਜ਼ਿੰਦਾ ਸੜ ਗਏ।ਫੌਜ ਦਾ ਕਹਿਣਾ ਹੈ ਕਿ ਉਹ ਸਿਰਫ਼ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਂਦੀ ਹੈ ਅਤੇ ਹਮਾਸ ਨਾਗਰਿਕਾਂ ਦੀ ਮੌਤ ਲਈ ਜ਼ਿੰਮੇਵਾਰ ਹੈ ਕਿਉਂਕਿ ਇਸਦੇ ਲੜਾਕੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਲੁਕੇ ਹੋਏ ਹਨ।
ਇਸ ਦੌਰਾਨ, ਫਰਾਂਸ, ਜਰਮਨੀ ਅਤੇ ਬ੍ਰਿਟੇਨ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਗਾਜ਼ਾ ਨੂੰ ਆਉਣ ਵਾਲੇ ਸਾਰੇ ਆਯਾਤ, ਜਿਸ ਵਿੱਚ ਭੋਜਨ ਵੀ ਸ਼ਾਮਲ ਹੈ, 'ਤੇ ਸੱਤ ਹਫ਼ਤਿਆਂ ਦੀ ਨਾਕਾਬੰਦੀ "ਅਸਹਿਣਯੋਗ" ਸੀ। ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਹਮਾਸ ਨੂੰ ਜੰਗ ਜਾਰੀ ਰੱਖਣ ਦੇ "ਇਜ਼ਰਾਈਲ ਦੇ ਬਹਾਨੇ ਨੂੰ ਖਤਮ ਕਰਨ" ਲਈ ਬੰਧਕਾਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ।