ਭਾਰਤ ਨੇ ਪਾਕਿਸਤਾਨ ਨਾਲ ਕੂਟਨੀਤਕ ਸਬੰਧ ਘਟਾਏ, ਸਿੰਧੂ ਜਲ ਸਮਝੌਤਾ ਮੁਅੱਤਲ, ਅਟਾਰੀ ਵਿਖੇ ਏਕੀਕ੍ਰਿਤ ਚੈੱਕ ਪੋਸਟ ਤੁਰਤ ਪ੍ਰਭਾਵ ਨਾਲ ਬੰਦ
ਅਟਾਰੀ ਰਾਹੀਂ ਗਏ ਵਿਅਕਤੀਆਂ ਨੂੰ ਵਾਪਸ ਆਉਣ ਲਈ 1 ਮਈ ਤਕ ਦਾ ਸਮਾਂ
ਨਵੀਂ ਦਿੱਲੀ : ਭਾਰਤ ਨੇ ਬੁਧਵਾਰ ਨੂੰ ਪਾਕਿਸਤਾਨ ਨਾਲ ਕੂਟਨੀਤਕ ਸਬੰਧਾਂ ਨੂੰ ਘਟਾਉਣ ਦਾ ਐਲਾਨ ਕੀਤਾ ਅਤੇ ਸਿੰਧੂ ਜਲ ਸਮਝੌਤੇ ਨੂੰ ਵੀ ਮੁਅੱਤਲ ਕਰ ਦਿਤਾ। ਪਹਿਲਗਾਮ ਅਤਿਵਾਦੀ ਹਮਲੇ ਨਾਲ ਸਰਹੱਦ ਪਾਰ ਸਬੰਧਾਂ ਦੇ ਮੱਦੇਨਜ਼ਰ ਭਾਰਤ ਨੇ ਪਾਕਿਸਤਾਨ ਨੂੰ ਅਪਣੇ ਫ਼ੌਜੀ ਅਤਾਸ਼ੇ ਭਾਰਤ ਤੋਂ ਵਾਪਸ ਸੱਦਣ ਲਈ ਕਿਹਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀ.ਸੀ.ਐੱਸ.) ਦੀ ਬੁਧਵਾਰ ਸ਼ਾਮ ਮੀਟਿੰਗ ਹੋਈ ਜਿਸ ’ਚ ਅਤੇ ਅਤਿਵਾਦੀ ਹਮਲੇ ’ਤੇ ਪ੍ਰਤੀਕਿਰਿਆ ਤਿਆਰ ਕੀਤੀ ਗਈ।
ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੀ.ਸੀ.ਐਸ. ਨੇ ਫੈਸਲਾ ਕੀਤਾ ਹੈ ਕਿ 1960 ਦੀ ਸਿੰਧੂ ਜਲ ਸੰਧੀ ਨੂੰ ਤੁਰਤ ਪ੍ਰਭਾਵ ਨਾਲ ਮੁਲਤਵੀ ਕਰ ਦਿਤਾ ਜਾਵੇਗਾ, ਜਦੋਂ ਤਕ ਪਾਕਿਸਤਾਨ ਸਰਹੱਦ ਪਾਰ ਅਤਿਵਾਦ ਨੂੰ ਸਮਰਥਨ ਦੇਣਾ ਬੰਦ ਨਹੀਂ ਕਰ ਦਿੰਦਾ।ਉਨ੍ਹਾਂ ਕਿਹਾ ਕਿ ਅਟਾਰੀ ਵਿਖੇ ਇੰਟੀਗ੍ਰੇਟਿਡ ਚੈੱਕ ਪੋਸਟ ਨੂੰ ਵੀ ਤੁਰਤ ਪ੍ਰਭਾਵ ਨਾਲ ਬੰਦ ਕਰ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਜਾਇਜ਼ ਤਰੀਕੇ ਨਾਲ ਸਰਹੱਦ ਪਾਰ ਕਰ ਗਏ ਹਨ, ਉਹ 1 ਮਈ ਤੋਂ ਪਹਿਲਾਂ ਇਸ ਰਸਤੇ ਰਾਹੀਂ ਵਾਪਸ ਆ ਸਕਦੇ ਹਨ।
ਮਿਸਰੀ ਨੇ ਕਿਹਾ ਕਿ ਨਵੀਂ ਦਿੱਲੀ ’ਚ ਪਾਕਿਸਤਾਨੀ ਹਾਈ ਕਮਿਸ਼ਨ ਅੰਦਰ ਰੱਖਿਆ, ਫੌਜੀ, ਸਮੁੰਦਰੀ ਫ਼ੌਜ ਅਤੇ ਹਵਾਈ ਸਲਾਹਕਾਰਾਂ ਨੂੰ ਅਣਚਾਹੇ ਵਿਅਕਤੀ ਐਲਾਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਭਾਰਤ ਛੱਡਣ ਲਈ ਇਕ ਹਫਤਾ ਹੈ।ਭਾਰਤ ਵੀ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਤੋਂ ਅਪਣੇ ਰੱਖਿਆ, ਸਮੁੰਦਰੀ ਫ਼ੌਜ ਅਤੇ ਹਵਾਈ ਸਲਾਹਕਾਰਾਂ ਨੂੰ ਵਾਪਸ ਬੁਲਾ ਰਿਹਾ ਹੈ। ਮਿਸਰੀ ਨੇ ਕਿਹਾ ਕਿ ਸਬੰਧਤ ਹਾਈ ਕਮਿਸ਼ਨਾਂ ’ਚ ਇਹ ਅਸਾਮੀਆਂ ਰੱਦ ਮੰਨੀਆਂ ਜਾਂਦੀਆਂ ਹਨ। ਸੇਵਾ ਸਲਾਹਕਾਰਾਂ ਦੇ ਪੰਜ ਸਹਿਯੋਗੀ ਸਟਾਫ ਨੂੰ ਵੀ ਦੋਹਾਂ ਹਾਈ ਕਮਿਸ਼ਨਾਂ ਤੋਂ ਵਾਪਸ ਬੁਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਾਈ ਕਮਿਸ਼ਨਾਂ ਦੀ ਕੁਲ ਗਿਣਤੀ 1 ਮਈ ਤੋਂ ਮੌਜੂਦਾ 55 ਤੋਂ ਘਟਾ ਕੇ 30 ਕਰ ਦਿਤੀ ਜਾਵੇਗੀ।
ਮਿਸਰੀ ਨੇ ਕਿਹਾ ਕਿ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ’ਚ ਸਾਰਕ ਵੀਜ਼ਾ ਛੋਟ ਸਕੀਮ ਹੇਠ ਭਾਰਤ ਆਉਣ ਦੀ ਇਜਾਜ਼ਤ ਵੀ ਨਹੀਂ ਦਿਤੀ ਜਾਵੇਗੀ ਅਤੇ ਪਹਿਲਾਂ ਜਾਰੀ ਕੀਤੇ ਅਜਿਹੇ ਵੀਜੇ ਰੱਦ ਮੰਨੇ ਜਾਣਗੇ।