ਬਾਲਗਾਂ ਦੇ ਮੁਕਾਬਲੇ ਬੱਚਿਆਂ ਲਈ ਘੱਟ ਖ਼ਤਰਨਾਕ ਹੈ ਕੋਰੋਨਾ ਵਾਇਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬਾਲਗਾਂ ਦੇ ਮੁਕਾਬਲੇ ਬੱਚਿਆਂ ਵਿਚ ਕੋਰੋਨਾ ਵਾਇਰਸ ਨਾਲ ਪ੍ਰਭਾਵ ਅਤੇ ਮੌਤ ਦਰ ਦਾ ਖ਼ਤਰਾ ਘੱਟ ਹੁੰਦਾ ਹੈ

Photo

ਨਿਊਯਾਰਕ, 22 ਮਈ: ਬਾਲਗਾਂ ਦੇ ਮੁਕਾਬਲੇ ਬੱਚਿਆਂ ਵਿਚ ਕੋਰੋਨਾ ਵਾਇਰਸ ਨਾਲ ਪ੍ਰਭਾਵ ਅਤੇ ਮੌਤ ਦਰ ਦਾ ਖ਼ਤਰਾ ਘੱਟ ਹੁੰਦਾ ਹੈ, ਕਿਉਂਕਿ ਬੱਚਿਆਂ ਦੇ ਨੱਕ ਵਿਚ ਮੌਜੂਦ ਏਪੀਥਿਲੀਅਮੀ ਉੱਤਕਾਂ ਵਿਚ ਕੋਵਿਡ-19 ਰਿਸੇਪਟਰ ਏ.ਸੀ.ਈ.2 ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਕ ਨਵੇਂ ਅਧਿਐਨ ਮੁਤਾਬਕ ਸਾਰਸ-ਸੀ.ਓ.ਵੀ.-2 ਵਾਇਰਸ ਲਈ ਪਹਿਲੇ ਪੱਧਰ ਦੇ ਰਿਸੇਪਟਰ ਏ.ਸੀ.ਈ.2 ਦੀ ਮਾਤਰਾ ਅਤੇ ਮਨੁੱਖੀ ਸਰੀਰ ਦੀ ਬਣਾਵਟ ਵਿਚ ਇਹ ਰਾਜ ਲੁਕਿਆ ਹੈ ਕਿ ਅਖਿਰ ਬੱਚਿਆਂ ਦੇ ਮੁਕਾਬਲੇ ਬਾਲਗ ਇਸ ਵਾਇਰਸ ਤੋਂ ਜ਼ਿਆਦਾ ਪ੍ਰਭਾਵਤ ਕਿਉਂ ਹੋ ਰਹੇ ਹਨ।

ਅਮਰੀਕਾ ਦੇ ਮਾਊਂਟ ਸਿਨਾਈ ਵਿਚ ਇਕਾਨ ਸਕੂਲ ਆਫ਼ ਮੈਡੀਸਿਨ ਦੇ ਖੋਜਕਰਤਾਵਾਂ ਨੇ ਦਸਿਆ ਕਿ ਸਾਰਸ-ਸੀ.ਓ.ਵੀ.-2 ਕਿਸੇ ਵੀ ਹੋਸਟ (ਸਜੀਵ ਸਰੀਰ) ਵਿਚ ਪ੍ਰਵੇਸ਼ ਕਰਨ ਲਈ ਰਿਸੇਪਟਰ ਏ.ਸੀ.ਈ.2 ਦੀ ਵਰਤੋਂ ਕਰਦਾ ਹੈ। 'ਜੇ.ਏ.ਐਮ.ਏ. ਪੱਤਰਿਕਾ ਵਿਚ ਪ੍ਰਕਾਸ਼ਿਤ ਇਸ ਅਧਿਐਨ ਲਈ 4 ਤੋਂ 60 ਸਾਲ ਉਮਰ ਦੇ 305 ਮਰੀਜਾਂ ਦਾ ਨਿਊਯਾਰਕ ਦੇ ਮਾਊਂਟ ਸਿਨਾਈ ਹੈਲਥ ਸਿਸਟਮ ਵਿਚ ਵਿਸ਼ਲੇਸ਼ਣ ਕੀਤਾ ਗਿਆ। ਖੋਜਕਰਤਾਵਾਂ ਨੇ ਦੇਖਿਆ ਕਿ ਬੱਚਿਆਂ ਦੇ ਨੱਕ ਦੇ ਏਪੀਥਿਲੀਅਮੀ ਉੱਤਕਾਂ ਵਿਚ ਏ.ਸੀ.ਈ.2 ਦੀ ਮਾਤਰਾ ਘੱਟ ਹੁੰਦੀ ਹੈ ਜੋ ਵੱਧਦੀ ਉਮਰ ਦੇ ਨਾਲ-ਨਾਲ ਵੱਧਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਖੋਜ ਨਾਲ ਇਹ ਗੁੱਥੀ ਸੁਲਝ ਸਕਦੀ ਹੈ ਕਿ ਆਖ਼ਿਰਕਾਰ ਬਾਲਗਾਂ ਦੇ ਮੁਕਾਬਲੇ ਬੱਚਿਆਂ ਵਿਚ ਕੋਵਿਡ-19 ਨਾਲ ਪੀੜਤਾਂ ਦੀ ਗਿਣਤੀ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਘੱਟ ਕਿਉਂ ਹਨ। (ਪੀਟੀਆਈ)