ਟਿੱਡੀ ਦਲ ਅਗਲੇ ਮਹੀਨੇ ਪੂਰਬੀ ਅਫ਼ਰੀਕਾ ਤੋਂ ਭਾਰਤ ਤੇ ਪਾਕਿਸਤਾਨ ਵਲ ਵਧੇਗਾ : ਸੰਯੁਕਤ ਰਾਸ਼ਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਕ ਝੁੰਡ ’ਚ ਹੋ ਸਕਦੀਆਂ ਹਨ ਅੱਠ ਕਰੋੜ ਟਿੱਡੀਆਂ 

File Photo

ਸੰਯੁਕਤ ਰਾਸ਼ਟਰ , 22 ਮਈ : ਸੰਯੁਕਤ ਰਾਸ਼ਟਰ ਦੀ ਖੁਰਾਕ ਅਤੇ ਖੇਤੀਬਾੜੀ ਏਜੰਸੀ ਦੇ ਇਕ ਉੱਚ ਅਧਿਕਾਰੀ ਨੇ ਚੇਤਾਵਨੀ ਦਿਤੀ ਹੈ ਕਿ ਜਾਨ-ਮਾਲ ਅਤੇ ਖੁਰਾਕ ਸੁਰੱਖਿਆ ਨੂੰ ਖਤਰਾ ਪੈਦਾ ਕਰਨ ਵਾਲੇ ਮਾਰੂਥਲ ਦੇ ਟਿੱਡੀਆਂ ਦਾ ਇਕ ਸਮੂਹ ਅਗਲੇ ਮਹੀਨੇ ਦੂਸਰੇ ਕੀੜਿਆਂ ਦੇ ਝੁੰਡਾਂ ਸਮੇਤ ਪੂਰਬੀ ਅਫ਼ਰੀਕਾ ਤੋਂ ਭਾਰਤ ਅਤੇ ਪਾਕਿਸਤਾਨ ਜਾ ਸਕਦਾ ਹੈ। 

ਮਾਰੂਥਲ ਟਿੱਡੀਆਂ ਨੂੰ ਦੁਨੀਆਂ ਦਾ ਸਭ ਤੋਂ ਵਿਨਾਸ਼ਕਾਰੀ ਪ੍ਰਵਾਸੀ ਕੀਟ ਮੰਨਿਆ ਜਾਂਦਾ ਹੈ ਅਤੇ ਇਕ ਵਰਗ ਕਿਲੋਮੀਟਰ ਵਿਚ ਫੈਲੇ ਇਕ ਝੁੰਡ ਵਿਚ ਅੱਠ ਕਰੋੜ ਟਿੱਡੀਆਂ ਹੋ ਸਕਦੀਆਂ ਹਨ। ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (ਐਫਏਓ) ਦੇ ਸੀਨੀਅਰ ਸਥਾਨਕ ਭਵਿੱਖਬਾਣੀ ਅਧਿਕਾਰੀ ਕੀਥ ਕ੍ਰੈਸਮੈਨ ਨੇ ਕਿਹਾ, ‘‘ਹਰ ਕੋਈ ਜਾਣਦਾ ਹੈ ਕਿ ਅਸੀਂ ਦਹਾਕਿਆਂ ਤੋਂ ਸਭ ਤੋਂ ਭੈੜੀ ਮਾਰੂਥਲ ਵਿਚ ਟਿੱਡੀਆਂ ਦੇ ਹਮਲੇ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਹਾਂ।’’” 

ਉਨ੍ਹਾਂ ਨੇ ਕਿਹਾ, “ਇਹ ਪੂਰਬੀ ਅਫ਼ਰੀਕਾ ’ਚ ਹਨ ਜਿਥੇ ਉਨ੍ਹਾਂ ਨੇ ਰੋਜ਼ੀ-ਰੋਟੀ ਅਤੇ ਭੋਜਨ ਸੁਰੱਖਿਆ ਨੂੰ ਮੁਸ਼ਕਲ ਬਣਾਇਆ ਹੈ ਪਰ ਹੁਣ ਅਗਲੇ ਮਹੀਨੇ ਦੇ ਅੰਦਰ-ਅੰਦਰ ਉਹ ਹੋਰ ਖੇਤਰਾਂ ਵਿਚ ਫੈਲ ਜਾਣਗੇ ਅਤੇ ਪਛਮੀ ਅਫ਼ਰੀਕਾ ਵਲ ਵਧਣਗੇ’’। ਉਨ੍ਹਾਂ ਨੇ ਵੀਰਵਾਰ ਨੂੰ ਇਕ ਆਨਲਾਈਨ ਕਾਨਫਰੰਸ ਵਿਚ ਕਿਹਾ, ‘‘ਅਤੇ ਉਹ ਹਿੰਦ ਮਹਾਂਸਾਗਰ ਨੂੰ ਪਾਰ ਕਰ ਕੇ ਭਾਰਤ ਅਤੇ ਪਾਕਿਸਤਾਨ ਜਾਣਗੇ। ਇਸ ਵੇਲੇ ਕੀਨੀਆ, ਸੋਮਾਲੀਆ, ਈਥੋਪੀਆ, ਦਖਣੀ ਈਰਾਨ ਅਤੇ ਪਾਕਿਸਤਾਨ ਦੇ ਕਈ ਹਿੱਸਿਆਂ ’ਚ ਟਿੱਡੀਆਂ ਦੇ ਹਮਲੇ ਸਭ ਤੋਂ ਗੰਭੀਰ ਹਨ ਅਤੇ ਜੂਨ ’ਚ ਉਹ ਕੀਨੀਆ ਤੋਂ ਇਥੋਪੀਆ ਦੇ ਨਾਲ ਨਾਲ ਸੁਡਾਨ ਅਤੇ ਸੰਭਾਵਤ ਤੌਰ ’ਤੇ ਪਛਮੀ ਅਫ਼ਰੀਕਾ ਤਕ ਫੈਲ ਜਾਣਗੇ।    
    (ਪੀਟੀਆਈ)