ਨਿਊਜ਼ੀਲੈਂਡ ਦੀ ਵਿਰੋਧੀ ਧਿਰ ਨੈਸ਼ਨਲ ਪਾਰਟੀ ਨੇ ਬਦਲਿਆ ਅਪਣਾ ਨੇਤਾ, ਟੌਡ ਮੁੱਲਰ ਸੰਭਾਲਣਗੇ ਕਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹਾਲ ਹੀ ਵਿਚ ਹੋਏ ਦੋ ਸਰਵੇਖਣਾਂ ਦੇ ਵਿਚ ਨਿਊਜ਼ੀਲੈਂਡ ਪਾਰਲੀਮੈਂਟ ’ਚ ਵਿਰੋਧੀ ਧਿਰ ਵਜੋਂ ਵਿਚਰ ਰਹੀ ਨੈਸ਼ਨਲ ਪਾਰਟੀ ਦੀ ਲੋਕਪਿ੍ਰਅਤਾ ਬਹੁਤ ਹੇਠਾਂ ਆ ਗਈ ਸੀ।

File Photo

ਔਕਲੈਂਡ, 22 ਮਈ (ਹਰਜਿੰਦਰ ਸਿੰਘ ਬਸਿਆਲਾ) : ਹਾਲ ਹੀ ਵਿਚ ਹੋਏ ਦੋ ਸਰਵੇਖਣਾਂ ਦੇ ਵਿਚ ਨਿਊਜ਼ੀਲੈਂਡ ਪਾਰਲੀਮੈਂਟ ’ਚ ਵਿਰੋਧੀ ਧਿਰ ਵਜੋਂ ਵਿਚਰ ਰਹੀ ਨੈਸ਼ਨਲ ਪਾਰਟੀ ਦੀ ਲੋਕਪਿ੍ਰਅਤਾ ਬਹੁਤ ਹੇਠਾਂ ਆ ਗਈ ਸੀ। ਇਸਦੇ ਮੁਕਾਬਲੇ ਮੋਜੂਦਾ ਧਿਰ ਲੇਬਰ ਦਾ ਗ੍ਰਾਫ ਕਾਫੀ ਉਤੇ ਗਿਆ। ਕਰੋਨਾ ਵਾਇਰਸ ਨੂੰ ਕਾਬੂ ਰੱਖਣ ਦੇ ਵਿਚ ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦਾ ਕੱਦ ਹੋਰ ਉਚਾ ਹੋਇਆ। 

ਨੈਸ਼ਨਲ ਪਾਰਟੀ ਦੇ ਨੇਤਾ ਸ੍ਰੀ ਸਾਇਮਨ ਬਿ੍ਰਜਸ ਦੀ ਲੋਕਪਿ੍ਰਅਤਾ ਕਾਫੀ ਹੇਠਾਂ ਡਿਗੀ ਅਤੇ 5% ਲੋਕਾਂ ਨੇ ਹੀ ਉਸਨੂੰ ਅਗਲਾ ਪ੍ਰਧਾਨ ਮੰਤਰੀ ਵੇਖਣਾ ਪਸੰਦ ਕੀਤਾ। ਇਸਦੇ ਚਲਦੇ ਨੈਸ਼ਨਲ ਪਾਰਟੀ ਦੀ ਇਕ ਵਿਸ਼ੇਸ਼ ਮੀਟਿੰਗ ਅੱਜ ਵਲਿੰਗਟਨ ਵਿਖੇ ਹੋਈ ਜਿੱਥੇ ਸ੍ਰੀ ਟੌਡ ਮੁੱਲਰ ਨੂੰ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਗਿਆ ਜਦ ਕਿ ਉਪ ਨੇਤਾ ਦੇ ਤੌਰ ’ਤੇ ਨਿੱਕੀ ਕੇਅ ਨੂੰ ਚੁਣਿਆ ਗਿਆ। ਪਹਿਲੀ ਉਪ ਨੇਤਾ ਪਾਉਲਾ ਬੈਨੇਟ ਇਸ ਚੋਣ ਵਿਚ ਪਿੱਛੇ ਰਹਿ ਗਏ। ਜੇਕਰ ਅਗਲੀ ਵਾਰ ਨੈਸ਼ਨਲ ਪਾਰਟੀ ਜਿਤਦੀ ਹੈ ਤਾਂ ਸ੍ਰੀ ਟੌਡ ਮੁੱਲਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਸਕਦੇ ਹਨ। ਟੌਡ ਮੁੱਲਰ ਨੇ ਪਹਿਲੇ ਭਾਸ਼ਣ ਵਿਚ ਕਿਹਾ ਕਿ ਉਨ੍ਹਾਂ ਦਾ ਪਹਿਲਾ ਕਦਮ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣਾ ਹੋਵੇਗਾ।

ਮੈਂਬਰ ਪਾਰਲੀਮੈਂਟ ਸ. ਕੰਵਲਜੀਤ ਸਿੰਘ ਬਖਸ਼ੀ ਨੇ ਟੌਡ ਮੁੱਲਰ ਨੂੰ ਨੈਸ਼ਨਲ ਪਾਰਟੀ ਦਾ ਨਵਾਂ ਨੇਤਾ ਚੁਣੇ ਜਾਣ ਉਤੇ ਵਧਾਈ ਦਿਤੀ ਹੈ। ਉਨ੍ਹਾਂ ਦਸਿਆ ਕਿ ਟੌਡ ਮੁੱਲਰ ਵੱਡੀਆਂ ਕੰਪਨੀਆਂ ਦੇ ਵਿਚ ਕੰਮ ਕਰ ਚੁੱਕੇ ਹਨ ਅਤੇ ਨਿਊਜ਼ੀਲੈਂਡ ਦੇ ਬਿਜਨਸ ਸਿਸਟਮ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ। ਉਹ 6 ਸਾਲ ਤੋਂ ਐਮ. ਪੀ. ਹਨ ਅਤੇ ਉਨ੍ਹਾਂ ਨਾਲ ਵਧੀਆ ਸਬੰਧ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਹ ਏਥਨਿਕ ਕਮਿਊਨਿਟੀਆਂ ਦੇ ਨਾਲ ਰਲ ਕੇ ਨੈਸ਼ਨਲ ਪਾਰਟੀ ਦੀ ਸਾਖ ਨੂੰ ਉਚਾ ਚੁੱਕਣਗੇ।