ਕਰਾਚੀ ਦੇ ਰਿਹਾਇਸ਼ੀ ਇਲਾਕੇ ਵਿਚ ਡਿੱਗਾ ਹਵਾਈ ਜਹਾਜ਼, 37 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

107 ਸਵਾਰੀਆਂ ਨੂੰ ਲੈ ਕੇ ਜਾ ਰਿਹਾ ਸੀ ਲਾਹੌਰ ਤੋਂ ਕਰਾਚੀ

File Photo

ਕਰਾਚੀ, 22 ਮਈ: ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਦਾ ਇਕ ਯਾਤਰੀ ਜਹਾਜ਼ ਸ਼ੁਕਰਵਾਰ ਨੂੰ ਜਿੱਨਾਹ ਕੌਮਾਂਤਰੀ ਹਵਾਈ ਅੱਡੇ ਨੇੜੇ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਇਲਾਕਿਆਂ 'ਚ ਹਾਦਸਾਗ੍ਰਸਤ ਹੋ ਗਿਆ ਜਿਸ ਨਾਲ ਉਸ 'ਚ ਸਵਾਰ 107 ਲੋਕਾਂ 'ਚੋਂ 37 ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦਸਿਆ ਕਿ ਉੜਾਨ ਨੰਬਰ ਪੀ.ਕੇ.-8303 ਤੋਂ ਆ ਰਹੀ ਸੀ ਅਤੇ ਜਹਾਜ਼ ਕਰਾਚੀ ਉਤਰਨ ਹੀ ਵਾਲਾ ਸੀ ਕਿ ਕੁੱਝ ਮਿੰਟ ਪਹਿਲਾਂ ਮਾਲਿਰ 'ਚ ਮਾਡਲ ਕਾਲੋਨੀ ਨੇੜੇ ਜਿੱਨਾਹ ਗਾਰਡਨ 'ਚ ਹਾਦਸਾਗ੍ਰਸਤ ਹੋ ਗਿਆ।

ਰਾਸ਼ਟਰੀ ਏਅਰਲਾਈਨਜ਼ ਕੰਪਨੀ ਦੇ ਇਕ ਬੁਲਾਰੇ ਨੇ ਕਿਹਾ ਕਿ ਪੀ.ਆਈ.ਏ. ਏਅਰਬਸ ਏ320 'ਚ 99 ਲੋਕ ਸਵਾਰ ਸਨ ਅਤੇ ਚਾਲਕ ਦਲ ਦੇ ਅੱਠ ਮੈਂਬਰ ਸਨ। ਜਹਾਜ਼ ਹਵਾਈ ਅੱਡੇ ਨੇੜੇ ਜਿੱਨਾਹ ਰਿਹਾਇਸ਼ੀ ਸੁਸਾਇਟੀ 'ਚ ਹਾਦਸਾਗ੍ਰਸਤ ਹੋਇਆ। ਡਾਅਨ ਅਖ਼ਬਾਰ ਦੀ ਖ਼ਬਰ 'ਚ ਕਿਹਾ ਗਿਆ ਹੈ ਕਿ ਅਜੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮਾਰੇ ਗਏ ਸਾਰੇ ਲੋਕ ਜਹਾਜ਼ 'ਚ ਸਵਾਰ ਯਾਤਰੀ ਸਨ ਜਾਂ ਉਸ ਰਿਹਾਇਸ਼ੀ ਇਲਾਕੇ ਦੇ ਲੋਕ ਸਨ ਜਿੱਥੇ ਜਹਾਜ਼ ਡਿੱਗਾ।
ਸਿੰਧ ਦੀ ਸਿਹਤ ਮੰਤਰੀ ਡਾ. ਅਜਰਾ ਪੇਚੁਹੋ ਨੇ ਕਿਹਾ ਕਿ ਹਾਦਸੇ 'ਚ ਤਿੰਨ ਵਿਅਕਤੀ ਬਚੇ ਹਨ। ਮੰਤਰੀ ਨੇ ਇਹ ਵੀ ਕਿਹਾ ਕਿ ਦੋ ਯਾਤਰੀ ਚਮਤਕਾਰੀ ਰੂਪ ਨਾਲ ਇਸ ਜਹਾਜ਼ ਹਾਦਸੇ 'ਚ ਬੱਚ ਗਏ ਅਤੇ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਬੈਂਕ ਆਫ਼ ਪੰਜਾਬ ਦੇ ਮੁਖੀ ਜ਼ਫ਼ਰ ਮਸੂਦ ਇਸ ਹਾਦਸੇ 'ਚ ਬਚ ਗਏ। ਉਨ੍ਹਾਂ ਅਪਣੀ ਮਾਂ ਨੂੰ ਫ਼ੋਨ ਕਰ ਕੇ ਅਪਣੇ ਠੀਕ ਹੋਣ ਦੀ ਜਾਣਕਾਰੀ ਦਿਤੀ।

ਟੀ.ਵੀ. ਚੈਨਲਾਂ 'ਚ ਵਿਖਾਇਆ ਜਾ ਰਿਹਾ ਹੈ ਕਿ ਜਿਸ ਥਾਂ ਇਹ ਹਾਦਸਾ ਵਾਪਰਿਆ ਉੱਥੇ ਕੁੱਝ ਘਰਾਂ ਅਤੇ ਕਾਰਾਂ ਨੂੰ ਨੁਕਸਾਨ ਪੁੱਜਾ ਹੈ। ਬਚਾਅ ਮੁਲਾਜ਼ਮ ਅਤੇ ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਬਰਬਾਦ ਹੋਏ ਘਰਾਂ 'ਚੋਂ ਹੁਣ ਤਕ ਘੱਟ ਤੋਂ ਘੱਟ ਚਾਰ ਲਾਸ਼ਾਂ ਮਿਲ ਚੁਕੀਆਂ ਹਨ ਜਦਕਿ ਕਈ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ।

ਅਜੇ ਇਹ ਸਪੱਸ਼ਟ ਨਹੀਂ ਹੈ ਕਿ ਜ਼ਮੀਨ 'ਤੇ ਕਿੰਨੇ ਲੋਕ ਜ਼ਖ਼ਮੀ ਹੋਏ ਹਨ। ਮੀਡੀਆ 'ਚ ਆਈਆਂ ਖ਼ਬਰਾਂ 'ਚ ਵਿਖਾਇਆ ਜਾ ਰਿਹਾ ਹੈ ਕਿ 10 ਘਰਾਂ ਅਤੇ ਕੁੱਝ ਗੱਡੀਆਂ ਨੂੰ ਨੁਕਸਾਨ ਪੁੱਜਾ ਹੈ। ਪੀ.ਆਈ.ਏ. ਦੇ ਅਧਿਕਾਰੀਆਂ ਮੁਤਾਬਕ ਕੈਪਟਨ ਨੇ ਹਵਾਈ ਆਵਾਜਾਈ ਟਾਵਰ ਨੂੰ ਸੂਚਿਤ ਕੀਤਾ ਕਿ ਉਸ ਨੂੰ ਜਹਾਜ਼ ਦੇ ਲੈਂਡਿੰਗ ਗੀਅਰ 'ਚ ਕੁੱਝ ਗੜਬੜੀ ਲੱਗ ਰਹੀ ਹੈ। ਇਸ ਤੋਂ ਬਾਅਦ ਜਹਾਜ਼ ਰਾਡਾਰ ਤੋਂ ਗ਼ਾਇਬ ਹੋ ਗਿਆ।

ਇਹ ਜਹਾਜ਼ ਲਾਹੌਰ ਤੋਂ ਕਰਾਚੀ ਆ ਰਿਹਾ ਸੀ। ਪਾਕਿਸਤਾਨ 'ਚ ਕੋਰੋਨਾ ਵਾਇਰਸ ਮਹਾਂਮਾਰੀ ਕਰ ਕੇ ਕੁੱਝ ਦਿਨ ਪਹਿਲਾਂ ਹੀ ਸੀਮਤ ਮਾਤਰਾ 'ਚ ਹਵਾਈ ਉੜਾਨਾਂ ਦੀ ਇਜਾਜ਼ਤ ਦਿਤੀ ਗਈ ਸੀ। ਰਾਸ਼ਟਰਪਤੀ ਆਰਿਫ਼ ਅਲਵੀ ਨੇ ਜਹਾਜ਼ ਹਾਦਸੇ 'ਚ ਲੋਕਾਂ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਰਾਚੀ 'ਚ ਪੀ.ਆਈ.ਏ. ਦੇ ਯਾਤਰੀ ਜਹਾਜ਼ ਹਾਦਸੇ 'ਚ ਲੋਕਾਂ ਦੀ ਜਾਨ ਜਾਣ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਇਸ ਮਾਮਲੇ ਦੀ ਤੁਰਤ ਜਾਂਚ ਦੇ ਹੁਕਮ ਦਿਤੇ ਹਨ।  (ਪੀਟੀਆਈ)