ਸਾਊਦੀ ਅਰਬ 'ਚ Corona ਦਾ ਕਹਿਰ, ਭਾਰਤ ਸਮੇਤ 16 ਦੇਸ਼ਾਂ ਦੀ ਯਾਤਰਾ 'ਤੇ ਲਗਾਈ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਾਊਦੀ ਅਰਬ 'ਚ ਕੋਰੋਨਾ ਵਾਇਰਸ ਦੇ 414 ਨਵੇਂ ਮਾਮਲੇ ਆਏ ਸਾਹਮਣੇ

Travel bans

 

ਸਾਊਦੀ ਅਰਬ 'ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੋਰੋਨਾ ਦੇ ਵਧਦੇ ਸੰਕਰਮਣ ਦੇ ਮੱਦੇਨਜ਼ਰ ਸਾਊਦੀ ਅਰਬ ਨੇ ਆਪਣੇ ਨਾਗਰਿਕਾਂ ਦੀ 16 ਦੇਸ਼ਾਂ ਦੀ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਦੇਸ਼ਾਂ ਵਿੱਚ ਭਾਰਤ ਵੀ ਸ਼ਾਮਲ ਹੈ। ਸਾਊਦੀ ਅਰਬ ਦੇ ਸਿਹਤ ਮੰਤਰਾਲੇ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਦੇਸ਼ ਵਿੱਚ ਮੌਕੀਪੌਕਸ ਦਾ ਇੱਕ ਵੀ ਕੇਸ ਨਹੀਂ ਪਾਇਆ ਗਿਆ ਹੈ। ਸਿਹਤ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਦੇਸ਼ ਕੋਲ ਮੌਕੀਪੌਕਸ ਦੇ ਮਾਮਲਿਆਂ ਦਾ ਪਤਾ ਲਗਾਉਣ ਅਤੇ ਕੇਸ ਪਾਏ ਜਾਣ 'ਤੇ ਇਸ ਸੰਕਰਮਣ ਨਾਲ ਲੜਨ ਦੀ ਸਮਰੱਥਾ ਹੈ।

ਉਪ ਸਿਹਤ ਮੰਤਰੀ ਅਬਦੁੱਲਾ ਅਸਿਰੀ ਨੇ ਕਿਹਾ, ਹੁਣ ਤੱਕ, ਮਨੁੱਖਾਂ ਵਿਚਕਾਰ ਮੌਕੀਪੌਕਸ ਦੇ ਸੰਚਾਰ ਦੇ ਮਾਮਲੇ ਬਹੁਤ ਸੀਮਤ ਹਨ, ਅਤੇ ਇਸਲਈ ਇਸ ਤੋਂ ਕਿਸੇ ਪ੍ਰਕੋਪ ਦੇ ਫੈਲਣ ਦੀ ਸੰਭਾਵਨਾ ਬਹੁਤ ਘੱਟ ਹੈ। WHO ਨੇ ਹੁਣ ਤੱਕ 11 ਦੇਸ਼ਾਂ ਵਿੱਚ ਮੌਕੀਪੌਕਸ ਦੇ 80 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। WHO ਨੇ ਕਿਹਾ ਹੈ ਕਿ ਉਹ ਇਨਫੈਕਸ਼ਨ ਫੈਲਣ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। 

ਸ਼ਨੀਵਾਰ ਨੂੰ ਸਾਊਦੀ ਅਰਬ 'ਚ ਕੋਰੋਨਾ ਵਾਇਰਸ ਦੇ 414 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ ਕੁੱਲ 762575 ਮਾਮਲੇ ਸਾਹਮਣੇ ਆ ਚੁੱਕੇ ਹਨ। ਇੰਨਾ ਹੀ ਨਹੀਂ, ਇੱਥੇ ਹੁਣ ਤੱਕ 9128 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਮੌਜੂਦਾ ਮਾਮਲਿਆਂ ਵਿੱਚ 81 ਦੀ ਹਾਲਤ ਨਾਜ਼ੁਕ ਹੈ। ਸਾਊਦੀ ਅਰਬ 'ਚ ਪਿਛਲੇ 24 ਘੰਟਿਆਂ 'ਚ 474 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਦੇਸ਼ ਵਿੱਚ ਅਜੇ ਵੀ 6448 ਐਕਟਿਵ ਕੇਸ ਹਨ।