Mexico News : ਚੋਣ ਰੈਲੀ ਦੌਰਾਨ ਡਿੱਗੀ ਸਟੇਜ, ਹਾਦਸੇ 'ਚ 1 ਬੱਚੇ ਸਮੇਤ 9 ਲੋਕਾਂ ਦੀ ਮੌਤ, 50 ਤੋਂ ਵੱਧ ਜ਼ਖ਼ਮੀ
ਮੈਕਸੀਕੋ ਇਸ ਸਮੇਂ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦਾ ਸਾਹਮਣਾ ਕਰ ਰਿਹਾ
Stage Collapse During Election Rally In Mexico : ਉੱਤਰੀ ਮੈਕਸੀਕੋ ਵਿੱਚ ਇੱਕ ਚੋਣ ਰੈਲੀ ਦੌਰਾਨ ਅਚਾਨਕ ਸਟੇਜ ਡਿੱਗ ਗਈ। ਬੁੱਧਵਾਰ ਰਾਤ ਨੂੰ ਵਾਪਰੀ ਇਸ ਘਟਨਾ 'ਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਜਾਨ ਗਵਾਉਣ ਵਾਲਿਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਘੱਟੋ-ਘੱਟ 50 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਘਟਨਾ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਹਫੜਾ-ਦਫੜੀ ਦਾ ਮਾਹੌਲ ਸਾਫ ਦੇਖਿਆ ਜਾ ਸਕਦਾ ਹੈ।
ਫੁਟੇਜ 'ਚ ਦੇਖਿਆ ਜਾ ਸਕਦਾ ਹੈ ਕਿ ਲੋਕ ਚੀਕ ਰਹੇ ਹਨ ਅਤੇ ਬਚਣ ਲਈ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ। ਸਟੇਜ ਦਾ ਢਾਂਚਾ ਓਥੇ ਡਿੱਗਿਆ , ਜਿੱਥੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਰਜ ਅਲਵਾਰੇਜ਼ ਮੇਨੇਜ਼ ਅਤੇ ਉਸਦੀ ਸਿਟੀਜ਼ਨ ਮੂਵਮੈਂਟ ਪਾਰਟੀ ਦੇ ਮੈਂਬਰ ਮੌਜੂਦ ਸਨ। ਹਾਲਾਂਕਿ, ਅਲਵਰੇਜ ਨੂੰ ਗੰਭੀਰ ਸੱਟ ਨਹੀਂ ਲੱਗੀ। ਇਸ ਨੂੰ ਲੈ ਕੇ ਗਵਰਨਰ ਸੈਮੂਅਲ ਗਾਰਸੀਆ ਨੇ ਅਫਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਐਕਸ 'ਤੇ ਇਕ ਪੋਸਟ ਵਿਚ ਕਿਹਾ ਕਿ ਇਸ ਹਾਦਸੇ ਵਿਚ ਇਕ ਨਾਬਾਲਗ ਸਮੇਤ ਕੁੱਲ 9 ਲੋਕਾਂ ਦੀ ਮੌਤ ਹੋ ਗਈ ਹੈ।
ਮੈਕਸੀਕੋ 'ਚ ਭਾਰੀ ਮੀਂਹ ਅਤੇ ਤੂਫਾਨ ਦਾ ਦੌਰ
ਅਲਵਾਰੇਜ਼ ਨੇ ਐਕਸ 'ਤੇ ਇਕ ਪੋਸਟ ਵਿਚ ਲਿਖਿਆ ਮੈਂ ਠੀਕ ਹਾਂ ਅਤੇ ਅਧਿਕਾਰੀਆਂ ਦੇ ਸੰਪਰਕ ਵਿਚ ਹਾਂ। ਉਨ੍ਹਾਂ ਲਿਖਿਆ ਕਿ ਮੇਰੀ ਤਰਜੀਹ ਪੀੜਤਾਂ ਦੀ ਦੇਖਭਾਲ ਕਰਨਾ ਹੈ। ਹਾਦਸੇ ਤੋਂ ਬਾਅਦ ਮੈਡੀਕਲ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
ਤੁਹਾਨੂੰ ਦੱਸ ਦੇਈਏ ਕਿ ਮੈਕਸੀਕੋ ਇਸ ਸਮੇਂ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦਾ ਸਾਹਮਣਾ ਕਰ ਰਿਹਾ ਹੈ। ਇੱਥੇ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਅਜਿਹੇ 'ਚ ਗਵਰਨਰ ਗਾਰਸੀਆ ਨੇ ਲੋਕਾਂ ਨੂੰ ਤੂਫਾਨ ਤੋਂ ਬਚਣ ਲਈ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ।
ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੇ ਸਸਪੈਂਡ ਕੀਤੇ ਚੁਣਾਵੀ ਕੈਂਪੇਨ
ਜਿਸ ਦੌਰਾਨ ਇਹ ਘਟਨਾ ਵਾਪਰੀ ,ਉਹ ਸੈਨ ਪੇਡਰੋ ਗਾਰਜ਼ਾ ਗਾਰਸੀਆ ਸ਼ਹਿਰ ਦੇ ਮੇਅਰ ਦੇ ਅਹੁਦੇ ਲਈ ਸਿਟੀਜ਼ਨਜ਼ ਮੂਵਮੈਂਟ ਪਾਰਟੀ ਦੀ ਉਮੀਦਵਾਰ ਲੋਰੇਨੀਆ ਕੈਨਾਵਾਟੀ ਦੀ ਕਲੋਜਿੰਗ ਕੈਂਪੇਨ ਰੈਲੀ ਸੀ। ਘਟਨਾ ਤੋਂ ਬਾਅਦ ਅਲਵਰੇਜ ਨੇ ਆਪਣੀਆਂ ਆਉਣ ਵਾਲੀਆਂ ਕੈਂਪੇਨ ਨੂੰ ਸਸਪੈਂਡ ਕਰ ਦਿੱਤਾ ਹੈ। ਉਹ ਫਿਲਹਾਲ ਸੈਨ ਪੇਡਰੋ ਗਾਰਜ਼ਾ ਗਾਰਸੀਆ ਵਿੱਚ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਆਖਰੀ ਵਿਅਕਤੀ ਨੂੰ ਹਸਪਤਾਲ ਨਹੀਂ ਲਿਜਾਇਆ ਜਾਂਦਾ, ਮੈਂ ਇੱਥੇ ਹੀ ਰਹਾਂਗਾ। ਇਸ ਹਾਦਸੇ 'ਚ ਉਨ੍ਹਾਂ ਦੀ ਟੀਮ ਦੇ ਕੁਝ ਮੈਂਬਰ ਵੀ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।