ਬੱਚਿਆਂ ਨੂੰ ਮਿਲਣ ਪਹੁੰਚੀ ਮੇਲਾਨੀਆ ਦੀ ਜੈਕੇਟ 'ਤੇ ਵਿਵਾਦ

ਏਜੰਸੀ

ਖ਼ਬਰਾਂ, ਕੌਮਾਂਤਰੀ

ਮੇਲਾਨੀਆ ਟਰੰਪ ਨੇ ਅਮਰੀਕਾ-ਮੈਕਸੀਕੋ ਸਰਹੱਦ 'ਤੇ ਪ੍ਰਵਾਸੀ ਬੱਚਿਆਂ ਨਾਲ ਮੁਲਾਕਾਤ ਕਰ ਕੇ ਸੱਭ ਨੂੰ ਹੈਰਾਨ ਕਰ ਦਿਤਾ ਪ੍ਰੰਤੂ ਇਸ ਵਿਚ ਜੋ ਗੱਲ....

Melania Trump

ਵਾਸ਼ਿੰਗਟਨ : ਮੇਲਾਨੀਆ ਟਰੰਪ ਨੇ ਅਮਰੀਕਾ-ਮੈਕਸੀਕੋ ਸਰਹੱਦ 'ਤੇ ਪ੍ਰਵਾਸੀ ਬੱਚਿਆਂ ਨਾਲ ਮੁਲਾਕਾਤ ਕਰ ਕੇ ਸੱਭ ਨੂੰ ਹੈਰਾਨ ਕਰ ਦਿਤਾ ਪ੍ਰੰਤੂ ਇਸ ਵਿਚ ਜੋ ਗੱਲ ਇੰਟਰਨੈੱਟ 'ਤੇ ਛਾਈ ਰਹੀ ਉਹ ਇਹ ਸੀ ਕਿ ਮੇਲਾਨੀਆ ਦੀ ਜੈਕੇਟ 'ਤੇ ਲਿਖਿਆ ਸੀ,''ਮੈਨੂੰ ਤਾਂ ਬਿਲਕੁਲ ਵੀ ਪ੍ਰਵਾਹ ਨਹੀਂ ਹੈ, ਕੀ ਤੁਹਾਨੂੰ ਹੈ।'' ਸਵਾਲ ਉਠ ਰਹੇ ਸਨ ਕਿ ਕੀ ਇਹ ਜੈਕੇਟ ਬਿਨਾਂ ਸੋਚੇ ਸਮਝੇ ਪਾਈ ਗਈ ਸੀ ਜਾਂ ਫਿਰ ਇਹ ਫਸਟ ਲੇਡੀ ਵਲੋਂ ਦਿਤਾ ਗਿਆ ਕੋਈ ਸੰਦੇਸ਼ ਹੈ। ਜੇਕਰ ਅਜਿਹਾ ਹੈ ਤਾਂ ਇਹ ਸੰਦੇਸ਼ ਕਿਸ ਲਈ ਸੀ? ਮੇਲਾਨੀਆ ਕਲ ਜਦ ਟੈਕਸਾਸ ਲਈ ਜਹਾਜ਼ ਵਿਚ ਸਵਾਰ ਹੋਈ ਤਾਂ ਉਨ੍ਹਾਂ ਨੇ ਖਾਕੀ ਰੰਗ ਦੀ ਜੈਕੇਟ ਪਹਿਨੀ ਹੋਈ ਸੀ।

ਉਸ ਦੀ ਇਹ ਤਸਵੀਰ ਤੇਜ਼ੀ ਨਾਲ ਫੈਲ ਗਈ ਹੈ। ਫ਼ਸਟ ਲੇਡੀ ਦੀ ਮਹਿਲਾ ਬੁਲਾਰਾ ਸਟੇਫਨੀ ਗ੍ਰਿਸ਼ਮ ਨੇ ਕਿਹਾ,''ਇਸ ਵਿਚ ਕੋਈ ਛੁਪਿਆ ਹੋਇਆ ਸੰਦੇਸ਼ ਨਹੀਂ ਹੈ। ਇਹ ਸਿਰਫ਼ ਇਕ ਜੈਕੇਟ ਹੀ ਹੈ। ਮੇਲਾਨੀਆ ਦੇ ਟੈਕਸਾਸ ਦੇ ਇਸ ਅਹਿਮ ਦੌਰੇ ਮਗਰੋਂ ਮੈਂ ਉਮੀਦ ਕਰਦੀ ਹਾਂ ਕਿ ਮੀਡੀਆ ਸਾਰਾ ਧਿਆਨ ਉਨ੍ਹਾਂ ਦੇ ਕਪੜਿਆਂ 'ਤੇ ਕੇਂਦਰਿਤ ਨਾ ਕਰੇ।''

ਟੈਕਸਾਸ ਪੁਜਣ ਮਗਰੋਂ ਮੇਲਾਨੀਆ ਨੇ ਉਸ ਜੈਕੇਟ ਦੀ ਥਾਂ ਦੂਜੀ ਜੈਕਟ ਪਾ ਲਈ ਸੀ ਪਰ ਵ੍ਹਾਈਟ ਹਾਊਸ ਜਾਣ ਦੌਰਾਨ ਉਨ੍ਹਾਂ ਨੇ ਫਿਰ ਤੋਂ ਉਹ ਵਿਵਾਦਤ ਜੈਕੇਟ ਪਹਿਨ ਲਈ ਸੀ। ਪਤਨੀ ਦੇ ਵਾਪਸ ਆਉਣ ਮਗਰੋਂ ਰਾਸ਼ਟਰਪਤੀ ਟਰੰਪ ਨੇ ਟਵੀਟ ਕੀਤਾ,''ਮੇਲਾਨੀਆ ਦੀ ਜੈਕੇਟ ਦੇ ਪਿੱਛੇ ਜੋ ਵੀ ਲਿਖਿਆ ਸੀ ਉਹ ਫ਼ਰਜ਼ੀ ਖ਼ਬਰ ਮੀਡੀਆ ਲਈ ਹੈ। ਮੇਲਾਨੀਆ ਨੂੰ ਪਤਾ ਚਲ ਗਿਆ ਹੈ ਕਿ ਉਹ ਕਿੰਨੇ ਝੂਠੇ ਹਨ ਅਤੇ ਸੱਚੀ ਹੁਣ ਉਹ ਪ੍ਰਵਾਹ ਨਹੀਂ ਕਰਦੀ।''  (ਪੀ.ਟੀ.ਆਈ)