ਅਮਰੀਕਾ ਵਲੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੇ ਦੋਸ਼ 'ਚ ਫੜੇ ਭਾਰਤੀਆਂ 'ਚੋਂ ਜ਼ਿਆਦਾਤਰ ਪੰਜਾਬੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖ਼ਤ ਅਪ੍ਰਵਾਸੀ ਨੀਤੀ ਕਾਰਨ ਸੈਂਕੜੇ ਭਾਰਤੀਆਂ ਖ਼ਾਸ ਕਰਕੇ ਪੰਜਾਬੀਆਂ ਦੀਆਂ ਵੀ ਮੁਸ਼ਕਲਾਂ ਵਧ ਗਈਆਂ ਹਨ। ...

Donald Trump

ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖ਼ਤ ਅਪ੍ਰਵਾਸੀ ਨੀਤੀ ਕਾਰਨ ਸੈਂਕੜੇ ਭਾਰਤੀਆਂ ਖ਼ਾਸ ਕਰਕੇ ਪੰਜਾਬੀਆਂ ਦੀਆਂ ਵੀ ਮੁਸ਼ਕਲਾਂ ਵਧ ਗਈਆਂ ਹਨ।  ਅਮਰੀਕਾ ਵਿਚਲੇ ਭਾਰਤੀ ਕਮਿਸ਼ਨ ਨੇ 2 ਇਮੀਗ੍ਰੇਸ਼ਨ ਹਿਰਾਸਤ ਕੇਂਦਰਾਂ ਨਾਲ ਸਾਰੀ ਜਾਣਕਾਰੀ ਹਾਸਲ  ਕਰਨ ਲਈ ਸੰਪਰਕ ਕੀਤਾ ਹੈ, ਜਿਸ ਵਿਚ ਪਤਾ ਚੱਲਿਆ ਹੈ ਕਿ ਲਗਭਗ 100 ਭਾਰਤੀ ਇਸ ਸਮੇਂ ਅਮਰੀਕਾ ਦੀ ਜੇਲ੍ਹ ਵਿਚ ਬੰਦ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਪੰਜਾਬੀ ਹਨ, ਜਿਨ੍ਹਾਂ ਨੂੰ ਦੇਸ਼ ਦੀ ਦੱਖਣੀ ਸਰਹੱਦ ਤੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। 

ਅਧਿਕਾਰੀਆਂ ਮੁਤਾਬਕ ਅਮਰੀਕਾ ਦੇ ਨਿਊ ਮੈਕਸੀਕੋ ਸੂਬੇ ਵਿਚ ਸਥਿਤ ਸੰਘੀ ਹਿਰਾਸਤ ਕੇਂਦਰ ਵਿਚ 40 ਤੋਂ 45 ਭਾਰਤੀ ਬੰਦ ਹਨ, ਜਦੋਂ ਕਿ ਓਰੇਗਨ ਦੇ ਹਿਰਾਸਤ ਕੇਂਦਰ ਵਿਚ 52 ਭਾਰਤੀ ਬੰਦ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਸਿੱਖ ਅਤੇ ਈਸਾਈ ਧਰਮ ਨਾਲ ਸਬੰਧਤ ਹਨ। ਭਾਰਤੀ ਦੂਤਘਰ ਨੇ ਇਕ ਬਿਆਨ ਜਾਰੀ ਕਰਕੇ ਦਸਿਆ ਹੈ ਕਿ ਉਸ ਨੇ ਦੋਵਾਂ ਹਿਰਾਸਤ ਕੇਂਦਰਾਂ ਨਾਲ ਸੰਪਰਕ ਕਰਨ ਤੋਂ ਬਾਅਦ ਉਕਤ ਜਾਣਕਾਰੀ ਹਾਸਲ ਕੀਤੀ ਹੈ।

ਬਿਆਨ ਵਿਚ ਕਿਹਾ ਗਿਆ ਕਿ ਵਣਜ ਦੂਤਘਰ ਦੇ ਅਧਿਕਾਰੀ ਓਰੇਗਨ ਦੇ ਹਿਰਾਸਤ ਕੇਂਦਰ ਦੇ ਦੌਰੇ 'ਤੇ ਗਏ ਸਨ, ਜਦੋਂ ਕਿ ਦੂਜੇ ਨਿਊ ਮੈਕਸੀਕੋ ਦੇ ਹਿਰਾਸਤ ਕੇਂਦਰ ਦੇ ਦੌਰੇ 'ਤੇ ਜਾਣਗੇ। ਅਧਿਕਾਰੀਆਂ ਨੇ ਕਿਹਾ ਕਿ ਇਸ ਸਾਰੇ ਹਾਲਾਤ 'ਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਜਾ ਰਹੀ ਹੈ।  ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਨ੍ਹਾਂ ਵਿਚ 12 ਤੋਂ ਵੱਧ ਲੋਕ ਨਿਊ ਮੈਕਸੀਕੋ ਦੇ ਕੇਂਦਰ ਵਿਚ ਕਈ ਮਹੀਨਿਆਂ ਤੋਂ ਬੰਦ ਹਨ। ਬਾਕੀ ਭਾਰਤੀਆਂ ਨੂੰ ਇੱਥੇ ਲਗਭਗ ਇਕ ਹਫ਼ਤਾ ਪਹਿਲਾਂ ਲਿਆਂਦਾ ਗਿਆ ਸੀ।

ਇਨ੍ਹਾਂ ਕੇਂਦਰਾਂ ਵਿਚ ਬੰਦ ਜ਼ਿਆਦਾਤਰ ਲੋਕ ਰਾਜਸੀ ਸ਼ਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਲੋਕਾਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਗ੍ਰਹਿ ਦੇਸ਼ ਵਿਚ 'ਹਿੰਸਾ ਜਾਂ ਅੱਤਿਆਚਾਰ' ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸੇ ਕਰਕੇ ਉਨ੍ਹਾਂ ਅਮਰੀਕਾ ਦਾ ਰੁਖ਼ ਕੀਤਾ ਹੈ। ਉੱਤਰੀ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਪ੍ਰਧਾਨ ਸਤਨਾਮ ਸਿੰਘ ਚਾਹਲ ਦਾ ਮੰੰਨਣਾ ਹੈ ਕਿ ਹਜ਼ਾਰਾਂ ਭਾਰਤੀ ਅਮਰੀਕਾ ਦੀਆਂ ਜੇਲ੍ਹਾਂ ਵਿਚ ਬੰਦ ਹਨ।

ਇਨ੍ਹਾਂ ਵਿਚੋਂ ਹਜ਼ਾਰਾਂ ਲੋਕ ਇਕੱਲੇ ਪੰਜਾਬ ਤੋਂ ਹੀ ਹਨ। ਨਾਪਾ ਨੇ ਸਾਲ 2013, 2014 ਅਤੇ 2015 ਦਰਮਿਆਨ ਫ੍ਰੀਡਮ ਆਫ ਇਨਫਾਰਮੇਸ਼ਨ ਐਕਟ (ਐੱਫ.ਓ.ਆਈ.ਏ.) ਤਹਿਤ ਪ੍ਰਾਪਤ ਸੂਚਨਾ ਦੇ ਆਧਾਰ 'ਤੇ ਦਸਿਆ ਕਿ ਅਮਰੀਕੀ ਸਰਹੱਦ 'ਤੇ 27,000 ਤੋਂ ਵਧ ਭਾਰਤੀਆਂ ਨੂੰ ਫੜਿਆ ਗਿਆ ਹੈ। ਇਨ੍ਹਾਂ ਵਿਚ 4000 ਔਰਤਾਂ ਅਤੇ 350 ਬੱਚੇ ਹਨ। ਇਸ ਕਾਨੂੰਨ ਤਹਿਤ ਸਾਲ 2015 ਵਿਚ ਪ੍ਰਾਪਤ ਸੂਚਨਾ ਮੁਤਾਬਕ ਦੇਸ਼ ਵਿਚ ਗ਼ੈਰ-ਕਾਨੂੰਨੀ ਰੂਪ ਨਾਲ ਰਹਿਣ ਦੇ ਦੋਸ਼ ਵਿਚ 900 ਤੋਂ ਵੱਧ ਭਾਰਤੀ ਵੱਖ-ਵੱਖ ਸੰਘੀ ਅਦਾਲਤਾਂ ਵਿਚ ਬੰਦ ਹਨ। 

ਸਤਨਾਮ ਸਿੰਘ ਚਾਹਲ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਵਿਚ ਮਨੁੱਖੀ ਤਸਕਰਾਂ, ਅਧਿਕਾਰੀਆਂ ਅਤੇ ਰਾਜਨੇਤਾਵਾਂ ਦਾ ਗਠਜੋੜ ਹੈ, ਜੋ ਨੌਜਵਾਨ ਪੰਜਾਬੀਆਂ ਨੂੰ ਉਕਸਾਉਂਦੇ ਹਨ ਕਿ ਉਹ ਆਪਣਾ ਘਰ-ਬਾਰ ਛੱਡ ਕੇ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਜਾਣ। ਇਸ ਲਈ ਉਹ ਪ੍ਰਤੀ ਵਿਅਕਤੀ 35 ਤੋਂ 50 ਲੱਖ ਰੁਪਏ ਵਸੂਲਦੇ ਹਨ। ਉਨ੍ਹਾਂ ਨੇ ਪੰਜਾਬ ਸਕਰਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਮਨੁੱਖੀ ਤਸਕਰੀ ਕਾਨੂੰਨ ਨੂੰ ਸਖ਼ਤਾਈ ਨਾਲ ਲਾਗੂ ਕਰਨ।

ਇਮੀਗ੍ਰੇਸ਼ਨ ਦੇ ਮਾਮਲੇ ਦੇਖਣ ਵਾਲੀ ਵਕੀਲ ਅਕਾਂਕਸ਼ਾ ਕਾਲਰਾ ਮੁਤਾਬਕ ਅਮਰੀਕਾ ਵਿਚ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਵਾਲੇ ਭਾਰਤੀਆਂ ਵਿਚ ਸਭ ਤੋਂ ਵਧ ਪੰਜਾਬ ਅਤੇ ਗੁਜਰਾਤ ਤੋਂ ਹੁੰਦੇ ਹਨ। ਉੁਥੇ ਇਸ ਮਾਮਲੇ ਦੇ ਧਿਆਨ ਵਿਚ ਆਉਣ ਤੋਂ ਬਾਅਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਮੰਦਭਾਗਾ ਵਰਤਾਰਾ ਹੈ ਕਿ 52 ਭਾਰਤੀ ਪੋਰਟਲੈਂਡ, ਓਰੇਗਨ (ਅਮਰੀਕਾ) ਦੀ ਫੈਡਰਲ ਜੇਲ੍ਹ ਵਿਚ ਬੰਦ ਹਨ।

ਉਨ੍ਹਾਂ ਆਖਿਆ ਕਿ ਇਸ ਸਬੰਧੀ ਉਨ੍ਹਾਂ ਨੇ ਕੇਂਦਰੀ ਵਿਦੇਸ਼ ਰਾਜ ਮੰਤਰੀ ਜਨਰਲ ਵੀ.ਕੇ. ਸਿੰਘ ਨਾਲ ਗੱਲਬਾਤ ਕੀਤੀ ਹੈ, ਜਿਨ੍ਹਾਂ ਨੇ ਭਰੋਸਾ ਦਿਤਾ ਹੈ ਕਿ ਸਨਫਰਾਂਸਿਸਕੋ ਵਿਚ ਭਾਰਤ ਦੇ ਵਣਜ ਦੂਤ ਵਲੋਂ ਅਮਰੀਕਾ ਵਿਚ ਹਿਰਾਸਤ ਵਿਚ ਰੱਖੇ ਭਾਰਤੀਆਂ ਤਕ ਪਹੁੰਚ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਬਚਾਉਣ ਦੀ ਚਾਰਾਜ਼ੋਈ ਸ਼ੁਰੂ ਕੀਤੀ ਜਾ ਸਕੇ।  (ਏਜੰਸੀ)