ਹੁਨਰਮੰਦ ਲੋਕ ਹੀ ਅਮਰੀਕਾ 'ਚ ਆਉਣ : ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ 'ਚ ਹੋਣਹਾਰ ਜਾਂ ਕਾਨੂੰਨੀ ਤਰੀਕੇ ਨਾਲ ਲੋਕ ਆਉਣ। ਉਨ੍ਹਾਂ ਕਿਹਾ ਕਿ ਅਸੀ ਅਜਿਹੇ ਲੋਕਾਂ ਨੂੰ ...
ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ 'ਚ ਹੋਣਹਾਰ ਜਾਂ ਕਾਨੂੰਨੀ ਤਰੀਕੇ ਨਾਲ ਲੋਕ ਆਉਣ। ਉਨ੍ਹਾਂ ਕਿਹਾ ਕਿ ਅਸੀ ਅਜਿਹੇ ਲੋਕਾਂ ਨੂੰ ਨਹੀਂ ਚਾਹੁੰਦੇ ਜਿਨ੍ਹਾਂ ਨੂੰ ਉਨ੍ਹਾਂ ਦਾ ਦੇਸ਼ ਕੂੜਾ ਸਮਝਦਾ ਹੋਵੇ। ਟਰੰਪ ਨੇ ਸਖ਼ਤ ਆਲੋਚਨਾਵਾਂ ਦੌਰਾਨ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਪ੍ਰਵਾਸੀ ਪਰਵਾਰਾਂ ਨੂੰ ਬੱਚਿਆਂ ਤੋਂ ਵੱਖ ਕਰਨ ਦੀ ਵਿਵਾਦਮਈ ਨੀਤੀ ਨੂੰ ਵਾਪਸ ਲੈ ਲਿਆ।
ਟਰੰਪ ਨੇ ਦੇਸ਼ ਵਿਚ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿਣ ਵਾਲਿਆਂ ਵਲੋਂ ਮਾਰੇ ਗਏ ਲੋਕਾਂ ਦੇ ਪਰਵਾਰਾਂ ਨੂੰ ਵ੍ਹਾਈਟ ਹਾਊਸ ਵਿਚ ਸ਼ੁਕਰਵਾਰ ਨੂੰ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਪਹਿਲਾ ਫ਼ਰਜ਼ ਅਤੇ ਵੱਡੀ ਵਫ਼ਾਦਾਰੀ ਅਮਰੀਕਾ ਦੇ ਲੋਕਾਂ ਪ੍ਰਤੀ ਹੈ। ਇਥੋਂ ਦੇ ਨਾਗਰਿਕਾਂ ਦੀ ਦੇਸ਼ ਵਿਚ ਅਤੇ ਸਰਹੱਦ 'ਤੇ ਸੁਰੱਖਿਆ ਯਕੀਨੀ ਕਰਨ ਵਿਚ ਹੈ। 'ਏਂਜਲ ਫੈਮਿਲੀ' ਦੇ ਨਾਂ ਤੋਂ ਪਛਾਣੇ ਜਾਣ ਵਾਲੇ ਇਨ੍ਹਾਂ ਪਰਵਾਰਾਂ ਨੂੰ ਟਰੰਪ ਨੇ ਕਿਹਾ, ''ਅਸੀਂ ਚਾਹੁੰਦੇ ਹਾਂ ਕਿ ਸਾਡੇ ਦੇਸ਼ ਵਿਚ ਹੁਨਰਮੰਦ ਲੋਕ ਆਉਣ ਨਾ ਕਿ ਅਜਿਹੇ ਲੋਕ ਜਿਨ੍ਹਾਂ ਨੂੰ ਹੋਰ ਦੇਸ਼ ਕੂੜੇ ਦੇ ਡੱਬੇ ਵਿਚ ਪਾ ਦਿੰਦੇ ਹਨ ਅਤੇ ਇਥੇ ਭੇਜਦੇ ਰਹਿੰਦੇ ਹਨ।''
ਉਨ੍ਹਾਂ ਕਿਹਾ, ''ਤੁਸੀਂ ਸੋਚਦੇ ਹੋ ਕਿ ਉਹ ਅਪਣੇ ਇਥੇ ਚੰਗੇ ਲੋਕਾਂ ਨੂੰ ਰੱਖਣ ਜਾ ਰਹੇ ਹਨ? ਉਹ ਚੰਗੇ ਲੋਕਾਂ ਨੂੰ ਨਹੀਂ, ਸਗੋਂ ਖਰਾਬ ਲੋਕਾਂ ਨੂੰ ਰੱਖਣ ਜਾ ਰਹੇ ਹਨ ਅਤੇ ਜਦੋਂ ਉਹ ਅਪਰਾਧ ਕਰਦੇ ਹਨ ਤਾਂ ਅਸੀਂ ਹੈਰਾਨ ਹੁੰਦੇ ਹਾਂ। ਅਸੀਂ ਉਦੋਂ ਤਕ ਚੈਨ ਨਾਲ ਨਹੀਂ ਰਹਾਂਗੇ, ਜਦੋਂ ਤਕ ਸਾਡੀ ਸਰਹੱਦ ਸੁਰੱਖਿਅਤ ਨਹੀਂ ਹੋ ਜਾਂਦੀ। ਅਸੀਂ ਆਖਰੀ ਰੂਪ ਨਾਲ ਇਮੀਗ੍ਰੇਸ਼ਨ ਸੰਕਟ ਨੂੰ ਸਾਰਿਆਂ ਲਈ ਇਕ ਵਾਰ ਵਿਚ ਹੀ ਖ਼ਤਮ ਕਰਾਂਗੇ।'' (ਏਜੰਸੀ)