ਸਰਹੱਦ ’ਤੇ ਭਾਰਤ ਹੋਇਆ ਸਖ਼ਤ ਤਾਂ ਚੀਨ ਧਮਕੀ ’ਤੇ ਉਤਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੇ ਦਿਤੀ ਧਮਕੀ

File Photo

ਬੀਜਿੰਗ, 22 ਜੂਨ: ਲੱਦਾਖ਼ ਵਿਚ ਗਲਵਾਨ ਘਾਟੀ ਵਿਚ ਇਕ ਹਿੰਸਕ ਝੜਪ ਤੋਂ ਬਾਅਦ, ਭਾਰਤ ਨੇ ਅਸਲ ਕੰਟਰੋਲ ਰੇਖਾ (ਐਲਏਸੀ) ਨੂੰ ਸਖ਼ਤ ਕਰ ਦਿਤਾ। ਜਿਸ ਤੋਂ ਬਾਅਦ ਚੀਨ ਗਿੱਦੜਭਭਕੀ ’ਤੇ ਉਤਰ ਆਇਆ ਹੈ। ਚੀਨ ਦੇ ਅਧਿਕਾਰਤ ਅਖ਼ਬਾਰ ਗਲੋਬਲ ਟਾਈਮਜ਼ ਨੇ ਇਕ ਧਮਕੀ ਭਰੇ ਲਹਿਜੇ ਵਿਚ ਲਿਖਿਆ ਹੈ ਕਿ ਭਾਰਤ ਜਾਣਦਾ ਹੈ ਕਿ ਚੀਨ ਨਾਲ ਯੁੱਧ ਨਹੀਂ ਲੜਿਆ ਜਾ ਸਕਦਾ ਕਿਉਂਕਿ ਨਵੀਂ ਦਿੱਲੀ ਜਾਣਦੀ ਹੈ ਕਿ ਜੇ ਹੁਣ ਲੜਾਈ ਹੋਈ ਤਾਂ ਇਸ ਦੀ ਸਥਿਤੀ 1962 ਦੀ ਲੜਾਈ ਨਾਲੋਂ ਵੀ ਬਦਤਰ ਹੋਵੇਗੀ।

ਗਲੋਬਲ ਟਾਈਮਜ਼ ਨੇ ਇਕ ਚੀਨੀ ਵਿਸ਼ਲੇਸ਼ਕ ਦੇ ਹਵਾਲੇ ਨਾਲ ਕਿਹਾ ਹੈ ਕਿ ਗਲਵਾਨ ਘਾਟੀ ਵਿਚ ਸਰਹੱਦੀ ਟਕਰਾਅ ਤੋਂ ਬਾਅਦ ਭਾਰਤ ਅੰਦਰ ਰਾਸ਼ਟਰਵਾਦ ਅਤੇ ਚੀਨ ਵਿਰੁਧ ਦੁਸ਼ਮਣੀ ਤੇਜ਼ੀ ਨਾਲ ਵੱਧ ਰਹੀ ਹੈ। ਜਦਕਿ ਚੀਨੀ ਵਿਸ਼ਲੇਸ਼ਕ ਨੇ ਭਾਰਤ ਦੇ ਅਜਿਹੇ ਲੋਕਾਂ ਨੂੰ ਵੀ ਚੇਤਾਵਨੀ ਦਿਤੀ ਹੈ ਕਿ ਨਵੀਂ ਦਿੱਲੀ ਨੂੰ ਘਰ ਵਿਚ ਰਾਸ਼ਟਰਵਾਦ ਨੂੰ ਸ਼ਾਂਤ ਕਰਨਾ ਚਾਹੀਦਾ ਹੈ।

ਐਤਵਾਰ ਨੂੰ ਗਲੋਬਲ ਟਾਈਮਜ਼ ਵਿਚ ਪ੍ਰਕਾਸ਼ਤ ਇਕ ਰਿਪੋਰਟ ਵਿਚ ਇਕ ਚੀਨੀ ਵਿਸ਼ਲੇਸ਼ਕ ਨੇ ਕਿਹਾ ਕਿ ਚੀਨ ਨਾਲ 1962 ਦੇ ਸਰਹੱਦੀ ਵਿਵਾਦ ਤੋਂ ਬਾਅਦ ਭਾਰਤ ਨੂੰ ਹੋਰ ਅਪਮਾਨਤ ਕੀਤਾ ਜਾਵੇਗਾ ਜੇ ਉਹ ਘਰ ਵਿਚ ਚੀਨ ਵਿਰੋਧੀ ਭਾਵਨਾਵਾਂ ਨੂੰ ਕਾਬੂ ਵਿਚ ਨਾ ਰੱਖ ਸਕਿਆ ਤਾਂ ਦੁਬਾਰਾ ਯੁੱਧ ਨੂੰ ਨਵਾਂ ਰੂਪ ਲੈ ਸਕਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਥਿਆਰਬੰਦ ਸੈਨਾ ਨੂੰ ਕੋਈ ਵੀ ਲੋੜੀਂਦੀ ਕਾਰਵਾਈ ਕਰਨ ਦੀ ਪੂਰੀ ਆਜ਼ਾਦੀ ਦਿਤੀ ਹੈ।

ਹਾਲਾਂਕਿ, ਪ੍ਰਧਾਨ ਮੰਤਰੀ ਮੋਦੀ ਵੀ ਤਣਾਅ ਨੂੰ ਘਟਾਉਣ ਦੀ ਕੋਸ਼ਿਸ਼ ਕਰਦੇ ਹੋਏ ਦਿਖਾਈ ਦਿਤੇ। ਜ਼ਿਕਰਯੋਗ ਹੈ ਕਿ ਹਿੰਸਕ ਝੜਪ ਵਿਚ 20 ਭਾਰਤੀ ਸੈਨਿਕ ਮਾਰੇ ਗਏ ਸਨ, ਜਦੋਂ ਕਿ ਚੀਨੀ ਪੱਖ ਦੇ 70 ਤੋਂ ਜ਼ਿਆਦਾ ਸੈਨਿਕ ਗਲਵਾਨ ਵੈਲੀ ਵਿਚ ਅਸਲ ਸਰਹੱਦ ਰੇਖਾ ’ਤੇ ਜ਼ਖ਼ਮੀ ਹੋਏ ਸਨ। ਨਿਊਜ਼ ਏਜੰਸੀ ਰਿਊਟਰ ਦੇ ਹਵਾਲੇ ਨਾਲ ਗਲੋਬਲ ਟਾਈਮਜ਼ ਨੇ ਲਿਖਿਆ ਹੈ ਕਿ ਲੱਦਾਖ਼ ਦੀ ਗਲਵਾਨ ਘਾਟੀ ਵਿਚ ਹੋਈ ਝੜਪ ਉਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ,

“ਕਿਸੇ ਨੇ ਵੀ ਸਾਡੀ ਸਰਹੱਦ ਵਿਚ ਘੁਸਪੈਠ ਨਹੀਂ ਕੀਤੀ, ਨਾ ਹੀ ਹੁਣ ਕੋਈ ਹੈ ਅਤੇ ਨਾ ਹੀ ਸਾਡੀ ਚੌਕੀ ’ਤੇ ਕਿਸੇ ਦਾ ਕਬਜ਼ਾ ਹੈ।  ਚੀਨੀ ਆਬਜ਼ਰਵਰਾਂ ਨੇ ਕਿਹਾ ਕਿ ਮੋਦੀ ਰਾਸ਼ਟਰਵਾਦੀਆਂ ਅਤੇ ਕੱਟੜਪੰਥੀਆਂ ਨਾਲ ਗੱਲਬਾਤ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਸਮਝਦੇ ਹਨ ਕਿ ਉਨ੍ਹਾਂ ਦਾ ਦੇਸ਼ ਚੀਨ ਨਾਲ ਹੋਰ ਲੜ ਨਹੀਂ ਸਕਦਾ।’’   (ਏਜੰਸੀ)