ਹਿਊਸਟਨ ’ਚ ਹਜ਼ਾਰਾਂ ਲੋਕਾਂ ਨੇ ਮਨਾਇਆ ਯੋਗ ਦਿਹਾੜਾ, ਘਰਾਂ ਵਿਚ ਹੀ ਕੀਤਾ ਯੋਗ
ਬਾਬਾ ਰਾਮਦੇਵ ਨੇ ਵੀ ਲਿਆ ਹਿੱਸਾ, ਲੋਕਾਂ ਨੂੰ ਕਰਵਾਇਆ ਯੋਗ
ਹਿਊਸਟਨ, 22 ਜੂਨ : ਅੰਤਰਰਾਸ਼ਟਰੀ ਯੋਗ ਦਿਹਾੜੇ ’ਤੇ ਅਮਰੀਕਾ ਵਿਚ ਹਜ਼ਾਰਾਂ ਲੋਕਾਂ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਘਰਾਂ ਵਿਚ ਹੀ ਯੋਗਾ ਕੀਤਾ। ਹਿਊਸਟਨ ’ਚ ਭਾਰਤ ਦੇ ਵਣਜ ਦੂਤਘਰ ਨੇ ਕਈ ਸਹਾਇਕ ਸੰਗਠਨਾਂ ਅਤੇ ਸਥਾਨਕ ਯੋਗ ਸਟੂਡੀਉ ਨਾਲ ਮਿਲ ਕੇ ਕੌਮਾਂਤਰੀ ਯੋਗ ਦਿਹਾੜੇ ’ਤੇ ਆਨਲਾਈਨ ਪ੍ਰੋਗਰਾਮ ਆਯੋਜਤ ਕੀਤਾ, ਜਿਸ ਨਾਲ ਇੰਡੀਆ ਹਾਊਸ ਤੋਂ ਲਾਈਵ ਸਟਰੀਮ ਕੀਤੀ ਗਈ। ਭਾਰਤ ਦੇ ਵਣਜ ਦੂਤ ਅਸਮ ਆਰ. ਮਹਾਜਨ ਨੇ ਕਿਹਾ, ‘‘ਕੋਵਿਡ 19 ਚੁਨੌਤੀਆਂ ਵਿਚਾਲੇ ਯੋਗ ਦੇ ਸ਼ਾਂਤੀ, ਸੋਹਾਰਦ ਅਤੇ ਸਿਹਤ ਲਾਭਾਂ ਦਾ ਸੰਦੇਸ਼ ਫ਼ੈਲਾਉਣ ਲਈ ਯੋਗ ਦਿਹਾੜੇ ’ਤੇ ਸੀਜੀਆਈ, ਹਿਊਸਟਨ ਅਤੇ ਸੰਗਠਨਾਂ ਦੀ ਮਦਦ ਨਾਲ ਹਿਊਸਟਨ ਵਾਸੀਆਂ ਨੂੰ ਇਕੱਠੇ ਲਿਆਉਣਾ ਸਾਡੇ ਲਈ ਮਾਣ ਦੀ ਗਲ ਹੈ।’’
ਉਨ੍ਹਾਂ ਕਿਹਾ ਕਿ, ‘‘ਯੋਗ ਵਿਸ਼ਵ ਲਈ ਇਕ ਬੇਸ਼ਕੀਮਤੀ ਤੋਹਫਾ ਹੈ, ਜਿਸ ਨੇ ਤਣਾਅ ਅਤੇ ਚਿੰਤਾ ਨਾਲ ਨਜਿੱਠਣ ਵਿਚ ਮਦਦ ਕਰਨ, ਸਾਡੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਅਤੇ ਅਪਣੇ ਵੱਖ-ਵੱਖ ਆਸਣਾਂ ਰਾਹੀਂ ਸ਼ਰੀਰ ਦੀ ਰੋਗ ਰੋਕੂ ਸਮਰਥਾ ਨੂੰ ਵਧਾਉਣ ਦੀ ਅਪਣੀ ਤਾਕਤ ਸਾਬਤ ਕੀਤੀ ਹੈ।’’ ਯੋਗ ਗੁਰੂ ਬਾਬਾ ਰਾਮਦੇਵ ਨੇ ਫ਼ੇਫੜਿਆਂ ਦੀ ਸਮਰਥਾ ਵਧਾਉਣ ਲਈ ‘ਸਿੰਮਹਾ ਕਿਰਿਆ’ ਆਸਣ ਕਰ ਕੇ ਭਾਗ ਲੈਣ ਵਾਲਿਆਂ ਦੀ ਅਗਵਾਈ ਕੀਤੀ। ਇਸ ਆਨਲਾਈਨ ਯੋਗ ਸਮਾਗਮ ਦਾ ਸਿਰਲੇਖ ਸੀ ‘ਯੋਗ ਫ਼ਾਰ ਹੈਲਥ-ਯੋਗ ਫ਼ਰਾਮ ਹੋਮ’। (ਪੀਟੀਆਈ)