ਉਤਰੀ ਕੈਰੋਲੀਨਾ ਵਿਚ ਗੋਲੀਬਾਰੀ, ਦੋ ਮੌਤਾਂ, ਸੱਤ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਉਤਰੀ ਕੈਰੋਲੀਨਾ ਦੇ ਸ਼ਲਾਰਟ ਵਿਚ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ

File Photo

ਸ਼ਲਾਰਟ (ਅਮਰੀਕਾ), 22 ਜੂਨ : ਉਤਰੀ ਕੈਰੋਲੀਨਾ ਦੇ ਸ਼ਲਾਰਟ ਵਿਚ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ। ਸ਼ਲਾਰਟ ਪੁਲਿਸ ਨੇ ਸੋਮਵਾਰ ਸਵੇਰੇ ਟਵੀਟ ਕੀਤਾ ਸੀ ਕਿ ਇਕ ਵਿਅਕਤੀ ਦੀ ਜਾਨ ਚਲੀ ਗਈ ਅਤੇ ਕਈ ਹੋਰ ਜ਼ਖ਼ਮੀ ਹੋਏ ਹਨ ਪਰ ਇਸ ਤੋਂ ਬਾਅਦ ਸ਼ਲਾਰਟ-ਮੈਕਲੇਨਬਰਗ ਪੁਲਿਸ ਉਪ ਪ੍ਰਮੁਖ ਜਾਨੀ ਜੇਨਿੰਗਸ ਨੇ ਪੱਤਰਕਾਰਾਂ ਨੂੰ ਦਸਿਆ ਕਿ ਦੋ ਲੋਕਾਂ ਦੀ ਮੌਤ ਹੋਈ ਹੈ। ਜੇਨਿੰਗਸ ਨੇ ਦਸਿਆ ਕਿ ਗੋਲੀਬਾਰੀ ਤੋਂ ਬਾਅਦ ਵਾਹਨਾਂ ਦੀ ਟੱਕਰ ਵਿਚ ਪੰਜ ਹੋਰ ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਦਸਿਆ ਕਿ ਹਮਲਾਵਰਾਂ ਦੇ ਇਕ ਤੋਂ ਜ਼ਿਆਦਾ ਹੋਣ ਦੇ ਸਬੂਤ ਮਿਲੇ ਹਨ।

ਹਾਲੇ ਤੁਰਤ ਸਪੱਸ਼ਟ ਨਹੀਂ ਹੈ ਕਿ ਕਿਸੇ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਜਾਂ ਨਹੀਂ। ਪੁਲਿਸ ਨੇ ਦਸਿਆ ਕਿ ਗੋਲੀਬਾਰੀ ਉਤਰੀ ਸ਼ਲਾਰਟ ਦੇ ਬੀਟੀਜ਼ ਫ਼ੋਰਡ ਰੋਡ ’ਤੇ ਹੋਈ। ਵਿਸਥਾਰ ਨਾਲ ਜਾਣਕਾਰੀ ਮਿਲਨਾ ਹਾਲੇ ਬਾਕੀ ਹੈ। ਇਸ ਵਿਚਾਲੇ ਸੀਆਟਲ ਵਿਚ 48 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਗੋਲੀਬਾਰੀ ਦੀ ਦੂਜੀ ਘਟਨਾ ਵਿਚ ਘੱਟੋ ਘੱਟ ਇਕ ਵਿਅਕਤੀ ਜ਼ਖ਼ਮੀ ਹੋ ਗਿਆ।

ਪੁਲਿਸ ਨੇ ਟਵੀਟ ਕੀਤਾ ਕਿ ਗੋਲੀਬਾਰੀ ਐਤਵਾਰ ਦੇਰ ਰਾਤ ਸਿਆਟਲ ਦੇ ‘ਡਾਊਨਟਾਊਨ’ ਨੇੜਲੇ ਇਲਾਕੇ ਵਿਚ ਹੋਈ ਜਿਸ ਨੂੰ ‘ਕੈਪੀਟਲ ਹਿਲ ਆਕਯੂਪਾਈਡ ਪ੍ਰੋਟੇਸਟ’ ਕਿਹਾ ਜਾਂਦਾ ਹੈ। ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਵਿਅਕਤੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਸਨਿਚਰਵਾਰ ਨੂੰ ਇਕ ਪਾਰਕ ਵਿਚ ਗੋਲੀਬਾਰੀ ਵਿਚ 19 ਸਾਲ ਦੇ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 33 ਸਾਲ ਦਾ ਇਕ ਹੋਰ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਸੀ। (ਪੀਟੀਆਈ)