ਨਿਊਜ਼ੀਲੈਂਡ : ਪ੍ਰਧਾਨ ਮੰਤਰੀ ਨੇ ਇਮੀਗੇ੍ਰਸ਼ਨ ਮੰਤਰੀ ਕੀਤਾ ਬਰਖ਼ਾਸਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਪਣੇ ਅਧੀਨ ਕੰਮ ਕਰਨ ਵਾਲੀ ਕਰਮਚਾਰੀ ਨਾਲ ਸਨ ਪ੍ਰੇਮ ਸਬੰਧ

New Zealand fires immigration minister

ਔਕਲੈਂਡ 22 ਜੁਲਾਈ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਬੁਧਵਾਰ ਨੂੰ ਕਿਹਾ ਕਿ ਉਸ ਨੇ ਅਪਣੇ ਇਮੀਗ੍ਰੇਸ਼ਨ ਮੰਤਰੀ ਨੂੰ ਬਰਖ਼ਾਸਤ ਕਰ ਦਿਤਾ ਹੈ। ਅਰਡਰਨ ਨੇ ਕਿਹਾ ਕਿ ਇਮੀਗ੍ਰੇਸ਼ਨ ਮੰਤਰੀ ਇਆਨ ਲੀਸ-ਗੈਲੋਵੇ ਦਾ ਇਕ ਮਹਿਲਾ ਨਾਲ ਤਕਰੀਬਨ ਇਕ ਸਾਲ ਤਕ ਪ੍ਰੇਸ ਸਬੰਧ ਰਿਹਾ। ਇਹ ਮਹਿਲਾ ਪਹਿਲਾਂ ਉਨ੍ਹਾਂ ਅਧੀਨ ਏਜੰਸੀਆਂ ਵਿਚੋਂ ਇਕ ਵਿਚ ਕੰਮ ਕਰਦੀ ਸੀ। ਬਾਅਦ ਵਿਚ ਇਸ ਮਹਿਲਾ ਨੂੰ ਲੀਸ ਗੈਲੋਵੇ ਦੇ ਦਫ਼ਤਰ ਵਿਚ ਸਟਾਫ਼ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ।

ਲੀਜ਼-ਗੈਲੋਵੇ (41) ਨੇ ਕਿਹਾ,“ਮੈਂ ਅਪਣੀ ਅਹੁਦੇ ’ਤੇ ਰਹਿੰਦੇ ਹੋਏ ਪੂਰੀ ਤਰ੍ਹਾਂ ਅਯੋਗ ਢੰਗ ਨਾਲ ਕੰਮ ਕੀਤਾ ਅਤੇ ਮੈਂ ਮੰਤਰੀ ਪਦ ’ਤੇ ਨਹੀਂ ਰਹਿ ਸਕਦਾ।’’ ਜ਼ਿਕਰਯੋਗ ਹੈ ਕਿ ਸਿਰਫ਼ ਇਕ ਦਿਨ ਪਹਿਲਾਂ ਹੀ ਵਿਰੋਧੀ ਸਾਂਸਦ ਐਂਡਰੀਉ ਫ਼ੈਲੋਨ ਨੇ ਕਈ ਔਰਤਾਂ ਨੂੰ ਅਸ਼ਲੀਲ ਤਸਵੀਰਾਂ ਭੇਜਣ ਤੋਂ ਬਾਅਦ ਅਚਾਨਕ ਅਸਤੀਫ਼ਾ ਦੇ ਦਿਤਾ ਸੀ। ਅਰਡਰਨ ਨੇ ਕਿਹਾ ਕਿ ਉਨ੍ਹਾਂ ਨੂੰ ਮੰਗਲਵਾਰ ਦੁਪਹਿਰ ਇਨ੍ਹਾਂ ਦੋਸ਼ਾਂ ਦੀ ਜਾਣਕਾਰੀ ਮਿਲੀ

ਜਿਸ ਤੋਂ ਬਾਅਦ ਉਨ੍ਹਾਂ ਨੇ ਸ਼ਾਮ ਨੂੰ ਲੀਸ ਗੈਲੋਵ ਨੂੰ ਸਵਾਲ ਕੀਤੇ। ਉਨ੍ਹਾਂ ਕਿਹਾ ਕਿ ਮੇਰੇ ਦਫ਼ਤਰ ਨੇ ਅੰਤ ਵਿਚ ਮੈਨੂੰ ਉਨ੍ਹਾਂ ਨੂੰ ਮੰਤਰੀ ਪਦ ਤੋਂ ਹਟਾਉਣ ਲਈ ਮਜਬੂਰ ਕੀਤਾ। ਇਮੀਗ੍ਰੇਸ਼ਨ ਮੰਤਰੀ ਦਾ ਟਵੀਟਰ ਅਤੇ ਫ਼ੇਸਬੁਕ ਅਕਾਊਂਟ ਵੀ ਹਟਾ ਦਿਤਾ ਗਿਆ ਹੈ। ਉਸ ਦੀ ਮਨਿਸਟਰ ਵਾਲੀ ਪ੍ਰੋਫ਼ਾਈਲ ਹਟਾ ਦਿਤੀ ਗਈ ਹੈ।  ਇਮੀਗ੍ਰੇਸ਼ਨ ਮੰਤਰੀ ਜਿਨ੍ਹਾਂ ਕੋਲ ਦੋ ਹੋਰ ਮਹਿਕਮੇ ਵੀ ਸਨ ਨੇ ਮਾਫ਼ੀ ਦਾ ਦਾਇਰਾ ਅੱਗੇ ਵਧਾਉਂਦਿਆਂ ਅਪਣੇ ਪ੍ਰਵਾਰ ਕੋਲੋਂ ਵੀ ਮਾਫ਼ੀ ਮੰਗੀ ਹੈ ਕਿਉਂਕਿ ਉਨ੍ਹਾਂ ਦੀ ਵੀ ਹੇਠੀ ਹੋਈ ਹੈ।