ਅੰਮ੍ਰਿਤਧਾਰੀ ਸਿੱਖ ਨੌਜਵਾਨ ਜਪਗੋਬਿੰਦ ਸਿੰਘ ਨੇ ਕੈਨੇਡਾ 'ਚ ਖੱਟਿਆ ਨਾਮਣਾ, ਛੋਟੀ ਉਮਰ 'ਚ ਬਣਿਆ ਪਾਇਲਟ  

ਏਜੰਸੀ

ਖ਼ਬਰਾਂ, ਕੌਮਾਂਤਰੀ

ਜਲੰਧਰ ਦੇ ਪਿੰਡ ਬੁੱਟਰਾਂ ਨਾਲ ਸਬੰਧਿਤ ਹੈ ਸਿੱਖ ਨੌਜਵਾਨ 

Japgobind Singh

ਜਲੰਧਰ : ਅੰਮ੍ਰਿਤਧਾਰੀ ਸਿੱਖ ਨੌਜਵਾਨ ਜਪਗੋਬਿੰਦ ਸਿੰਘ ਨੇ ਵੱਡਾ ਨਾਮਣਾ ਖੱਟਿਆ ਹੈ। ਬਹੁਤ ਹੀ ਛੋਟੀ ਉਮਰ ਵਿਚ ਉਸ ਨੇ ਕੈਨੇਡਾ 'ਚ ਪਾਇਲਟ ਬਣਨ ਦਾ ਮਾਣ ਹਾਸਲ ਕੀਤਾ ਹੈ। ਜਪਗੋਬਿੰਦ ਸਿੰਘ ਦੀ ਉਮਰ ਮਹਿਜ਼ 16 ਸਾਲ ਹੈ ਅਤੇ ਉਸ ਨੇ ਇਸ ਉਮਰ ਵਿਚ ਕੈਨੇਡਾ 'ਚ ਪਾਇਲਟ ਬਣਿਆ ਹੈ। ਦੱਸ ਦੇਈਏ ਕਿ ਜਿੱਥੇ 16 ਸਾਲ ਦੀ ਉਮਰ 'ਚ ਕੈਨੇਡਾ 'ਚ ਡਰਾਈਵਿੰਗ ਲਾਇਸੈਂਸ ਨਹੀਂ ਮਿਲਦਾ, ਉਥੇ ਹੀ ਜਪਗੋਬਿੰਦ ਸਿੰਘ ਨੇ ਸੋਲੋ ਪਾਇਲਟ ਦਾ ਲਾਇਸੈਂਸ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। 

ਜਪਗੋਬਿੰਦ ਸਿੰਘ ਮੂਲ ਰੂਪ ਵਿੱਚ ਪੰਜਾਬੀ ਹਨ ਪਰ ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਕੈਨੇਡਾ ਤੋਂ ਕੀਤੀ ਹੈ। ਜਾਣਕਾਰੀ ਅਨੁਸਾਰ ਜਪਗੋਬਿੰਦ ਸਿੰਘ ਜਲੰਧਰ ਜ਼ਿਲ੍ਹੇ ਦੇ ਪਿੰਡ ਬੁੱਟਰਾਂ ਨਾਲ ਸਬੰਧਿਤ ਹੈ। ਜਪਗੋਬਿੰਦ ਦੀ ਪ੍ਰਾਪਤੀ ਨਾਲ ਪੰਜਾਬੀ ਮੂਲ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਜਪਗੋਬਿੰਦ ਸਿੰਘ ਨੇ ਰੋਬੋਟਿਕਸ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਖ਼ਾਲਸਾ ਸਕੂਲ ਸਿਰੀਹ ਦੇ ਵਿਦਿਆਰਥੀ ਜਪਗੋਬਿੰਦ ਸਿੰਘ ਨੂੰ ਕੈਨੇਡਾ ਦੀ ਰਾਜਧਾਨੀ ਦੀਆਂ ਯੂਨੀਵਰਸਿਟੀਆਂ ਵੱਲੋਂ ਸਪੇਸ ਇੰਜਨੀਅਰਿੰਗ ਲਈ ਵਜ਼ੀਫ਼ਾ ਵੀ ਦਿੱਤਾ ਗਿਆ ਹੈ।  

ਟਰਾਂਸਪੋਰਟ ਕੈਨੇਡਾ ਨੇ ਜਪਗੋਬਿੰਦ ਸਿੰਘ ਨੂੰ ਹਵਾਈ ਜਹਾਜ਼ ਉਡਾਉਣ ਦਾ ਲਾਇਸੈਂਸ ਜਾਰੀ ਕੀਤਾ ਹੈ। ਜਪਗੋਬਿੰਦ ਸਿੰਘ ਨੇ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਤੋਂ ਪਾਇਲਟ ਬਣਨ ਦੀ ਤਿਆਰੀ ਸ਼ੁਰੂ ਕੀਤੀ ਅਤੇ ਕੈਨੇਡਾ ਦੇ ਸਾਰੇ ਹਿੱਸਿਆਂ ਵਿਚ ਟ੍ਰੇਨਿੰਗ ਲੈਣ ਤੋਂ ਬਾਅਦ ਕਿਊਬਿਕ ਵਿਚ ਆਪਣੀ ਆਖਰੀ ਟ੍ਰੇਨਿੰਗ ਪੂਰੀ ਕੀਤੀ। ਇਸ ਤੋਂ ਬਾਅਦ ਅੰਮ੍ਰਿਤਧਾਰੀ ਸਿੱਖ ਜਪਗੋਬਿੰਦ ਸਿੰਘ ਪਾਇਲਟ ਬਣੇ ਹਨ।