ਅਮਰੀਕਾ ਕੋਲ ਸੱਭ ਤੋਂ ਸ਼ਕਤੀਸ਼ਾਲੀ ਹਥਿਆਰ ਹਨ : ਟਰੰਪ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ, ਅਸੀਂ ਉਨ੍ਹਾਂ ਅਤਿਵਾਦੀਆਂ ਨੂੰ ਢੇਰ ਕਰਾਂਗੇ ਜੋ ਸਾਡੇ ਨਾਗਰਿਕਾਂ ਨੂੰ ਡਰਾਉਂਦੇ ਹਨ

image

ਵਾਸ਼ਿੰਗਟਨ, 23 ਸਤੰਬਰ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹਨਾਂ ਦੇ ਦੇਸ਼ ਕੋਲ ਅਜਿਹੇ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹਨ, ਜੋ ਪਹਿਲਾਂ ਕਦੇ ਕਿਸੇ ਨੇ ਨਹੀਂ ਬਣਾਏ ਹਨ। ਇਸ ਕਾਰਨ ਦੁਨੀਆ ਅਮਰੀਕਾ ਤੋਂ ਈਰਖਾ ਕਰਦੀ ਹੈ। ਟਰੰਪ ਨੇ ਆਸ ਜ਼ਾਹਰ ਕੀਤੀ ਹੈ ਕਿ ਉਨ੍ਹਾਂ ਨੂੰ ਕਦੇ ਇਨ੍ਹਾਂ ਹਥਿਆਰਾਂ ਦੀ ਵਰਤੋਂ ਨਹੀਂ ਕਰਨੀ ਪਵੇਗੀ ਕਿਉਂਕਿ ਉਨ੍ਹਾਂ ਨੇ ਅਮਰੀਕਾ ਨੂੰ 'ਅੰਤਹੀਣ, ਹਾਸੋਹੀਣੇ ਅਤੇ ਮੂਰਖਤਾਪੂਰਨ' ਵਿਦੇਸ਼ੀ ਯੁੱਧਾਂ ਤੋਂ ਦੂਰ ਰੱਖਣ ਦਾ ਸੰਕਲਪ ਲਿਆ ਹੈ।

image


ਟਰੰਪ ਨੇ ਕਿਹਾ ਕਿ ਅਮਰੀਕੀ ਨੇਤਾਵਾਂ ਨੇ ਹੋਰ ਦੇਸ਼ਾਂ ਦੀ ਮੁੜ ਉਸਾਰੀ, ਉਨ੍ਹਾਂ ਦੇ ਅੰਤਹੀਣ ਯੁੱਧਾਂ ਅਤੇ ਉਨ੍ਹਾਂ ਦੀਆਂ ਸਰਹੱਦਾਂ ਦੀਆਂ ਰਖਿਆ ਕਰਨ ਵਿਚ ਹਜ਼ਾਰਾਂ ਅਰਬ ਡਾਲਰ ਖ਼ਰਚ ਕਰ ਦਿਤੇ। ਉਨ੍ਹਾਂ ਕਿਹਾ, ''ਅੰਤਹੀਣ ਯੁੱਧਾਂ ਦੀ ਬਜਾਏ, ਅਸੀਂ ਪਛਮ ਏਸ਼ੀਆ ਵਿਚ ਸ਼ਾਂਤੀ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਬਹੁਤ ਚੰਗੀ ਗੱਲ ਹੈ।'' ਟਰੰਪ ਨੇ ਮੰਗਲਵਾਰ ਰਾਤ ਨੂੰ ਪੈੱਨਸਿਲਵੇਨੀਆ ਵਿਚ ਚੁਣਾਵੀ ਰੈਲੀ ਵਿਚ ਕਿਹਾ, ''ਅਸੀਂ ਉਨ੍ਹਾਂ ਅਤਿਵਾਦੀਆਂ ਨੂੰ ਢੇਰ ਕਰਾਂਗੇ ਜੋ ਸਾਡੇ ਨਾਗਰਿਕਾਂ ਨੂੰ ਡਰਾਉਂਦੇ ਹਨ ।''


ਟਰੰਪ ਨੇ ਕਿਹਾ,''ਮੈਂ ਤੁਹਾਨੂੰ ਦਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਅਜਿਹੇ ਸੱਭ ਤੋਂ ਸ਼ਕਤੀਸ਼ਾਲੀ ਹਥਿਆਰ ਹਨ ਜੋ ਅਸੀਂ ਪਹਿਲਾਂ ਦੇ ਨਹੀਂ ਬਣਾਏ ਅਤੇ ਹੋਰ ਦੇਸ਼ ਇਹ ਗੱਲ ਜਾਣਦੇ ਹਨ। ਇਹ ਚੰਗੀ ਗੱਲ ਹੈ ਕਿ ਹੋਰ ਦੇਸ਼ ਇਹ ਗੱਲ ਜਾਣਦੇ ਹਨ। ਮੈਨੂੰ ਨਹੀਂ ਲਗਦਾ ਕਿ ਅਸੀਂ ਕਦੇ ਉਨ੍ਹਾਂ ਦੀ ਵਰਤੋਂ ਕਰਾਂਗੇ। ਮੈਂ ਆਸ ਕਰਦਾ ਹਾਂ ਕਿ ਉਨ੍ਹਾਂ ਦੀ ਕਦੇ ਵਰਤੋਂ ਨਹੀਂ ਕਰਨੀ ਪਵੇਗੀ।'' ਟਰੰਪ ਮੁਤਾਬਕ, ਅਜਿਹਾ ਕਹਿ ਕੇ ਉਹ ਕੋਈ ਖੁਫੀਆ ਜਾਣਕਾਰੀ ਲੀਕ ਨਹੀਂ ਕਰ ਰਹੇ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਫ਼ੌਜ ਦੀ ਮੁੜ ਉਸਾਰੀ ਕੀਤੀ ਹੈ। ਟਰੰਪ ਨੇ ਕਿਹਾ,''ਸਾਡੇ ਕੋਲ ਦੁਨੀਆ ਦੇ ਇਤਿਹਾਸ ਦੇ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹਨ ਅਤੇ ਅਸੀਂ ਬਹੁਤ ਘੱਟ ਸਮੇਂ ਵਿਚ ਅਜਿਹਾ ਕੀਤਾ ਹੈ। ਇਹ ਹਥਿਆਰ ਇੰਨੇ ਸ਼ਕਤੀਸ਼ਾਲੀ ਹਨ ਕਿ ਇਸ ਮਾਮਲੇ ਵਿਚ ਪੂਰੀ ਦੁਨੀਆਂ ਸਾਡੇ ਤੋਂ ਈਰਖਾ ਕਰਦੀ ਹੈ।''  (ਪੀਟੀਆਈ)