ਮੈਕਸੀਕੋ 'ਚ 6.9 ਤੀਬਰਤਾ ਦਾ ਆਇਆ ਭੂਚਾਲ, 2 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਘਬਰਾਏ ਲੋਕਾਂ ਨੇ ਛੱਡੇ ਘਰ

Earthquake

 

ਮੈਕਸੀਕੋ : ਮੈਕਸੀਕੋ ਦੇ ਰਾਸ਼ਟਰਪਤੀ ਆਂਦਰੇਸ ਮੈਨੁਅਲ ਲੋਪੇਜ਼ ਓਬਰਾਡੋਰ ਨੇ ਕਿਹਾ ਕਿ ਸੋਮਵਾਰ ਨੂੰ 7.7 ਤੀਬਰਤਾ ਦੇ ਭੂਚਾਲ ਤੋਂ ਬਾਅਦ ਮੱਧ ਮੈਕਸੀਕੋ ਵਿੱਚ ਵੀਰਵਾਰ ਤੜਕੇ 6.9 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿੱਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ।

ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਲੋਪੇਜ਼ ਓਬਰਾਡੋਰ ਨੇ ਮੈਕਸੀਕੋ ਸਿਟੀ ਦੇ ਨੈਸ਼ਨਲ ਪੈਲੇਸ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਭੂਚਾਲ ਆਉਣ ਤੋਂ ਬਾਅਦ ਇਕ ਔਰਤ ਆਪਣੇ ਘਰ ਦੀਆਂ ਪੌੜੀਆਂ ਤੋਂ ਹੇਠਾਂ ਡਿੱਗ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ, ਜਦਕਿ ਇਕ ਹੋਰ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਪ੍ਰਧਾਨ ਨੇ ਦੱਸਿਆ ਕਿ ਦੋ ਲੋਕਾਂ ਦੀ ਮੌਤ ਤੋਂ ਇਲਾਵਾ ਫਿਲਹਾਲ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ। ਵੀਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 1:16 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸਦਾ ਕੇਂਦਰ ਮਿਕੋਆਕਨ ਰਾਜ ਵਿੱਚ ਕੋਲਕੋਮਨ ਨਗਰਪਾਲਿਕਾ ਤੋਂ 84 ਕਿਲੋਮੀਟਰ ਦੱਖਣ ਵਿੱਚ ਸੀ।

ਮੈਕਸੀਕੋ ਦੇ ਕੁਝ ਖੇਤਰਾਂ ਵਿੱਚ ਭੂਚਾਲ ਸੰਬੰਧੀ ਅਲਰਟ ਸਰਗਰਮ ਹੋਣ ਤੋਂ ਬਾਅਦ ਵੀਰਵਾਰ ਨੂੰ ਸੈਂਕੜੇ ਲੋਕਾਂ ਨੇ ਘਰ ਅਤੇ ਇਮਾਰਤਾਂ ਛੱਡ ਦਿੱਤੀਆਂ। ਇਸ ਦੌਰਾਨ ਕੁਝ ਹੋਰ ਇਲਾਕਿਆਂ 'ਚ ਵੀ ਬਿਜਲੀ ਬੰਦ ਹੋਣ ਦੀਆਂ ਖਬਰਾਂ ਆਈਆਂ ਹਨ।