ਯੂਕਰੇਨ ਪ੍ਰਤੀ ਹੋਰ ਹਮਾਇਤ ਇਕੱਠੀ ਕਰਨ ਲਈ ਜੇਲੇਂਸਕੀ ਨੇ ਕੈਨੈਡਾ ਦੀ ਸੰਸਦ ਨੂੰ ਸੰਬੋਧਨ ਕੀਤਾ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਓਟਾਵਾ ਹਵਾਈ ਅੱਡੇ ’ਤੇ ਜੇਲੇਂਸਕੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਟੋਰਾਂਟੋ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਨੇ ਰੂਸ ਦੇ ਹਮਲੇ ਵਿਰੁਧ ਪਛਮੀ ਦੇਸ਼ਾਂ ਦੀ ਹੋਰ ਹਮਾਇਤ ਇਕੱਠੀ ਕਰਨ ਲਈ ਅਪਣੀ ਮੁਹਿੰਮ ਹੇਠ ਸ਼ੁਕਰਵਾਰ ਨੂੰ ਕੈਨੇਡਾ ਦੀ ਸੰਸਦ ਨੂੰ ਸੰਬੋਧਨ ਕੀਤਾ। ਵਾਸ਼ਿੰਗਟਨ ’ਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅਤੇ ਸੰਸਦ ਮੈਂਬਰਾਂ ਨਾਲ ਬੈਠਕ ਤੋਂ ਬਾਅਦ ਜੇਲੇਂਸਕੀ ਨੇ ਵੀਰਵਾਰ ਦੇਰ ਰਾਤ ਕੈਨੇਡਾ ਦੀ ਰਾਜਧਾਨੀ ਲਈ ਉਡਾਨ ਭਰੀ।
ਉਨ੍ਹਾਂ ਨੇ ਬੁਧਵਾਰ ਨੂੰ ਸੰਯੁਕਤ ਰਾਸ਼ਟਰ ਦੀ ਸਾਲਾਨਾ ਬੈਠਕ ਨੂੰ ਸੰਬੋਧਨ ਕੀਤਾ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਓਟਾਵਾ ਹਵਾਈ ਅੱਡੇ ’ਤੇ ਜੇਲੇਂਸਕੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਜੇਲੇਂਸਕੀ ਨੇ ਸੰਸਦ ’ਚ ਅਪਣੇ ਸੰਬੋਧਨ ਦੌਰਾਨ ਕਿਹਾ, ‘‘ਮਾਸਕੋ ਹਾਰੇਗਾ। ਉਸ ਦੀ ਹਾਰ ਯਕੀਨੀ ਹੈ।’’ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਕੈਨੇਡਾ ਹਮੇਸ਼ਾ ‘ਇਤਹਿਾਸ ਦੇ ਰੌਸ਼ਨ ਪੱਖ’ ’ਚ ਰਿਹਾ ਹੈ। ਜੇਲੇਂਸਕੀ ਨੇ ਕਿਹਾ ਕਿ ਕੈਨੈਡਾ ਨੇ ਮਦਦ ਨਾਲ ਇਸ ਜੰਗ ’ਚ ਹਜ਼ਾਰਾਂ ਲੋਕਾਂ ਦੀ ਜਾਨ ਬਚਾਉਣ ’ਚ ਮਦਦ ਕੀਤੀ ਹੈ। ਉਨ੍ਹਾਂ ਨੇ ਵਿੱਤੀ ਮਦਦ ਲਈ ਅਤੇ ਯੂਕਰੇਨ ਦੇ ਲੋਕਾਂ ਨੂੰ ਕੈਨੇਡਾ ’ਚ ਆਸਰਾ ਦੇਣ ਲਈ ਕੈਨੇਡਾ ਦੇ ਲੋਕਾਂ ਦਾ ਧਨਵਾਦ ਕੀਤਾ।