ਮਨੁੱਖਤਾ ਦੀ ਸਫਲਤਾ ਸਮੂਹਕ ਤਾਕਤ ’ਚ ਹੈ, ਜੰਗ ਦੇ ਮੈਦਾਨ ’ਚ ਨਹੀਂ : ਮੋਦੀ 

ਏਜੰਸੀ

ਖ਼ਬਰਾਂ, ਕੌਮਾਂਤਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ’ਚ ‘ਭਵਿੱਖ ਦੇ ਸ਼ਿਖਰ ਸੰਮੇਲਨ’ ਨੂੰ ਸੰਬੋਧਨ ਕੀਤਾ

PM Modi (File Photo)

ਸੰਯੁਕਤ ਰਾਸ਼ਟਰ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਸੰਮੇਲਨ ’ਚ ਕਿਹਾ ਕਿ ਮਨੁੱਖਤਾ ਦੀ ਸਫਲਤਾ ਜੰਗ ਦੇ ਮੈਦਾਨ ’ਚ ਨਹੀਂ ਬਲਕਿ ਸਮੂਹਕ ਤਾਕਤ ’ਚ ਹੈ। 

‘ਭਵਿੱਖ ਦੇ ਸ਼ਿਖਰ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਜਦੋਂ ਕੌਮਾਂਤਰੀ  ਭਾਈਚਾਰਾ ਦੁਨੀਆਂ  ਦੇ ਭਵਿੱਖ ’ਤੇ  ਚਰਚਾ ਕਰ ਰਿਹਾ ਹੈ ਤਾਂ ਮਨੁੱਖ-ਕੇਂਦਰਿਤ ਪਹੁੰਚ ਨੂੰ ਸੱਭ ਤੋਂ ਵੱਧ ਤਰਜੀਹ ਦਿਤੀ  ਜਾਣੀ ਚਾਹੀਦੀ ਹੈ। 

ਉਨ੍ਹਾਂ ਨੇ ਕਿਸੇ ਵਿਸ਼ੇਸ਼ ਸੰਘਰਸ਼ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ, ‘‘ਮਨੁੱਖਤਾ ਦੀ ਸਫਲਤਾ ਸਾਡੀ ਸਮੂਹਕ ਤਾਕਤ ’ਚ ਹੈ ਨਾ ਕਿ ਜੰਗ ਦੇ ਮੈਦਾਨ ਵਿੱਚ।’’ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਟਿਕਾਊ ਵਿਕਾਸ ਨੂੰ ਤਰਜੀਹ ਦਿੰਦੇ ਹੋਏ ਮਨੁੱਖੀ ਭਲਾਈ, ਖੁਰਾਕ ਅਤੇ ਸਿਹਤ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। 

ਪ੍ਰਧਾਨ ਮੰਤਰੀ ਨੇ ਕਿਹਾ, ‘‘ਭਾਰਤ ’ਚ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢ ਕੇ ਅਸੀਂ ਵਿਖਾਇਆ ਹੈ ਕਿ ਟਿਕਾਊ ਵਿਕਾਸ ਸਫਲ ਹੋ ਸਕਦਾ ਹੈ।’’ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਅਪਣੀ ਸਫਲਤਾ ਦੇ ਇਸ ਤਜਰਬੇ ਨੂੰ ਪੂਰੇ ਗਲੋਬਲ ਸਾਊਥ ਨਾਲ ਸਾਂਝਾ ਕਰਨ ਲਈ ਤਿਆਰ ਹੈ।

‘ਗਲੋਬਲ ਸਾਊਥ’ ਸ਼ਬਦ ਆਮ ਤੌਰ ’ਤੇ  ਆਰਥਕ  ਤੌਰ ’ਤੇ  ਘੱਟ ਵਿਕਸਤ ਦੇਸ਼ਾਂ ਜਾਂ ਵਿਕਾਸਸ਼ੀਲ ਦੇਸ਼ਾਂ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਮੋਦੀ ਨੇ ਗਲੋਬਲ ਸੰਸਥਾਵਾਂ ’ਚ ਸੁਧਾਰ ਦਾ ਸੱਦਾ ਦਿਤਾ, ਜੋ ਵਿਸ਼ਵ ਸ਼ਾਂਤੀ ਅਤੇ ਵਿਕਾਸ ਲਈ ਜ਼ਰੂਰੀ ਹਨ। 

  ਪ੍ਰਧਾਨ ਮੰਤਰੀ ਮੋਦੀ ਨੇ ਨੇਪਾਲੀ ਹਮਰੁਤਬਾ ਅਤੇ ਫਲਸਤੀਨੀ ਰਾਸ਼ਟਰਪਤੀ ਸਮੇਤ ਵਿਸ਼ਵ ਨੇਤਾਵਾਂ ਨਾਲ ਕੀਤੀ ਮੁਲਾਕਾਤ 

ਨਿਊਯਾਰਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ  ਨੇਪਾਲੀ ਹਮਰੁਤਬਾ ਕੇ.ਪੀ. ਸ਼ਰਮਾ ਓਲੀ ਅਤੇ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਸਮੇਤ ਕਈ ਵਿਸ਼ਵ ਨੇਤਾਵਾਂ ਨਾਲ ਵੱਖ-ਵੱਖ ਬੈਠਕਾਂ ਕੀਤੀਆਂ, ਜਿਸ ਦੌਰਾਨ ਦੁਵਲੇ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ’ਤੇ  ਚਰਚਾ ਕੀਤੀ ਗਈ। 

ਮੋਦੀ ਅਮਰੀਕਾ ਦੇ ਤਿੰਨ ਦਿਨਾਂ ਦੌਰੇ ’ਤੇ  ਨਿਊਯਾਰਕ ’ਚ ਹਨ। ਉਨ੍ਹਾਂ ਨੇ ਐਤਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐਨ.ਜੀ.ਏ.) ਦੇ ਸੈਸ਼ਨ ਦੌਰਾਨ ਅੱਬਾਸ ਨਾਲ ਵੀ ਮੁਲਾਕਾਤ ਕੀਤੀ। ਮੋਦੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ  ਇਕ ਪੋਸਟ ’ਚ ਕਿਹਾ, ‘‘ਨਿਊਯਾਰਕ ’ਚ ਪ੍ਰਧਾਨ ਮੰਤਰੀ ਕੇ.ਪੀ. ਓਲੀ ਨਾਲ ਮੁਲਾਕਾਤ ਬਹੁਤ ਚੰਗੀ ਰਹੀ। ਭਾਰਤ ਅਤੇ ਨੇਪਾਲ ਵਿਚਾਲੇ ਦੋਸਤੀ ਬਹੁਤ ਮਜ਼ਬੂਤ ਹੈ ਅਤੇ ਅਸੀਂ ਅਪਣੇ  ਸਬੰਧਾਂ ਨੂੰ ਹੋਰ ਗਤੀ ਦੇਣਾ ਚਾਹੁੰਦੇ ਹਾਂ। ਸਾਡੀ ਗੱਲਬਾਤ ਊਰਜਾ, ਤਕਨਾਲੋਜੀ ਅਤੇ ਵਪਾਰ ਵਰਗੇ ਮੁੱਦਿਆਂ ’ਤੇ  ਕੇਂਦ੍ਰਤ ਸੀ।’’

ਵਿਦੇਸ਼ ਮੰਤਰਾਲੇ ਦੇ ਅਧਿਕਾਰਤ ‘ਐਕਸ’ ਅਕਾਊਂਟ ’ਤੇ  ਇਕ ਪੋਸਟ ’ਚ ਕਿਹਾ ਗਿਆ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਦੌਰਾਨ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨਾਲ ਮੁਲਾਕਾਤ ਕੀਤੀ।’’

ਬਿਆਨ ’ਚ ਕਿਹਾ ਗਿਆ ਹੈ ਕਿ ਦੋਹਾਂ ਨੇਤਾਵਾਂ ਨੇ ਸਦੀਆਂ ਪੁਰਾਣੀ, ਬਹੁਪੱਖੀ ਅਤੇ ਵਿਸਤ੍ਰਿਤ ਭਾਈਵਾਲੀ ਦੇ ਤਹਿਤ ਸਾਰੇ ਖੇਤਰਾਂ ’ਚ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮੱਦੇਨਜ਼ਰ ਆਪਸੀ ਹਿੱਤਾਂ ਦੇ ਮਾਮਲਿਆਂ ’ਤੇ  ਚਰਚਾ ਕੀਤੀ। 

ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐੱਨ.ਜੀ.ਏ.) ਦੇ 79ਵੇਂ ਸੈਸ਼ਨ ’ਚ ਹਿੱਸਾ ਲੈਣ ਲਈ ਅਪਣੀ ਪਹਿਲੀ ਵਿਦੇਸ਼ ਯਾਤਰਾ ’ਤੇ  ਅਮਰੀਕਾ ਆਏ ਓਲੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸੱਭ ਤੋਂ ਪਹਿਲਾਂ ਗੁਆਂਢੀ ਦੇਸ਼ ਦਾ ਦੌਰਾ ਕਰਨ ਦੀ ਪਰੰਪਰਾ ਨੂੰ ਤੋੜਿਆ।  ਓਲੀ ਨੇ ਟਵੀਟ ਕੀਤਾ, ‘‘ਸੰਯੁਕਤ ਰਾਸ਼ਟਰ ਮਹਾਸਭਾ ਦੇ 79ਵੇਂ ਸੈਸ਼ਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਲਾਭਦਾਇਕ ਬੈਠਕ ਹੋਈ। ਬੈਠਕ ਦੌਰਾਨ ਦੁਵਲੇ ਸਬੰਧਾਂ ਦੇ ਵੱਖ-ਵੱਖ ਮੁੱਦਿਆਂ ’ਤੇ  ਚਰਚਾ ਹੋਈ।’’

ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਓਲੀ ਦੇ ਹਿਮਾਲਿਆਈ ਦੇਸ਼ ਆਉਣ ਦੇ ਸੱਦੇ ਨੂੰ ਵੀ ਮਨਜ਼ੂਰ ਕਰ ਲਿਆ। ਨੇਪਾਲ ਦੇ ਵਿਦੇਸ਼ ਮੰਤਰੀ ਆਰਜ਼ੂ ਰਾਣਾ ਦੇਊਬਾ ਦੇ ਪ੍ਰੈੱਸ ਸਲਾਹਕਾਰ ਨੇ ਵੀ ਪੁਸ਼ਟੀ ਕੀਤੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਨੇਪਾਲ ਦਾ ਸੱਦਾ ਮਨਜ਼ੂਰ ਕਰ ਲਿਆ ਹੈ। 

ਮੋਦੀ ਨੇ ਇੱਥੇ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਵੀ ਮੁਲਾਕਾਤ ਕੀਤੀ ਅਤੇ ਗਾਜ਼ਾ ਵਿਚ ਮਨੁੱਖੀ ਸਥਿਤੀ ’ਤੇ  ਡੂੰਘੀ ਚਿੰਤਾ ਜ਼ਾਹਰ ਕੀਤੀ ਅਤੇ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਦੀ ਜਲਦੀ ਬਹਾਲੀ ਲਈ ਭਾਰਤ ਦੇ ਸਮਰਥਨ ਦੀ ਪੁਸ਼ਟੀ ਕੀਤੀ। 

ਮੋਦੀ ਨੇ ਇਕ ਪੋਸਟ ’ਚ ਕਿਹਾ, ‘‘ਨਿਊਯਾਰਕ ’ਚ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਮੁਲਾਕਾਤ ਕੀਤੀ। ਖੇਤਰ ’ਚ ਸ਼ਾਂਤੀ ਅਤੇ ਸਥਿਰਤਾ ਦੀ ਜਲਦੀ ਬਹਾਲੀ ਲਈ ਭਾਰਤ ਦੇ ਸਮਰਥਨ ਨੂੰ ਦੁਹਰਾਇਆ। ਫਲਸਤੀਨ ਦੇ ਲੋਕਾਂ ਨਾਲ ਲੰਮੇ  ਸਮੇਂ ਤੋਂ ਚੱਲੀ ਆ ਰਹੀ ਦੋਸਤੀ ਨੂੰ ਹੋਰ ਮਜ਼ਬੂਤ ਕਰਨ ’ਤੇ  ਵਿਚਾਰਾਂ ਦਾ ਆਦਾਨ-ਪ੍ਰਦਾਨ।’’ ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਦੌਰਾਨ ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਮੁਲਾਕਾਤ ਕੀਤੀ।’’

ਇਸ ਵਿਚ ਕਿਹਾ ਗਿਆ ਹੈ ਕਿ ਮੋਦੀ ਨੇ ਗਾਜ਼ਾ ਵਿਚ ਮਨੁੱਖੀ ਸਥਿਤੀ ’ਤੇ  ਡੂੰਘੀ ਚਿੰਤਾ ਜ਼ਾਹਰ ਕੀਤੀ ਅਤੇ ਫਲਸਤੀਨੀ ਲੋਕਾਂ ਲਈ ਭਾਰਤ ਦੇ ਨਿਰੰਤਰ ਸਮਰਥਨ ਦੀ ਪੁਸ਼ਟੀ ਕੀਤੀ।

ਮੋਦੀ ਨੇ ਕੁਵੈਤ ਦੇ ਕ੍ਰਾਊਨ ਪ੍ਰਿੰਸ ਸ਼ੇਖ ਸਬਾਹ ਖਾਲਿਦ ਅਲ ਸਬਾਹ ਨਾਲ ਵੀ ਮੁਲਾਕਾਤ ਕੀਤੀ ਅਤੇ ‘ਇਤਿਹਾਸਕ ਸਬੰਧਾਂ‘ ਅਤੇ ‘ਲੋਕਾਂ ਦੇ ਆਪਸੀ ਸੰਪਰਕ‘ ਨੂੰ ਹੋਰ ਡੂੰਘਾ ਕਰਨ ਦੇ ਤਰੀਕਿਆਂ ’ਤੇ  ਚਰਚਾ ਕੀਤੀ। 

ਵਿਦੇਸ਼ ਮੰਤਰਾਲੇ ਨੇ ‘ਐਕਸ’ ’ਤੇ  ਲਿਖਿਆ, ‘‘ਪ੍ਰਧਾਨ ਮੰਤਰੀ, ਸ਼੍ਰੀ ਨਰਿੰਦਰ ਮੋਦੀ ਨੇ ਅੱਜ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਦੌਰਾਨ ਕੁਵੈਤ ਦੇ ਕ੍ਰਾਊਨ ਪ੍ਰਿੰਸ ਸ਼ੇਖ ਸਬਾਹ ਖਾਲਿਦ ਅਲ-ਹਮਦ ਅਲ-ਮੁਬਾਰਕ ਅਲ-ਸਬਾਹ ਨਾਲ ਮੁਲਾਕਾਤ ਕੀਤੀ। ਨੇਤਾਵਾਂ ਨੇ ਦੁਵਲੇ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਸਾਡੇ ਇਤਿਹਾਸਕ ਸਬੰਧਾਂ ਅਤੇ ਲੋਕਾਂ ਦੇ ਆਪਸੀ ਸੰਪਰਕਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ  ਚਰਚਾ ਕੀਤੀ।’’

ਪ੍ਰਧਾਨ ਮੰਤਰੀ ਮੋਦੀ ਡੇਲਾਵੇਅਰ ਦੇ ਵਿਲਮਿੰਗਟਨ ’ਚ ਕਵਾਡ ਸਮੂਹ ਦੇ ਸਰਕਾਰ ਮੁਖੀਆਂ ਦੇ ਸਿਖਰ ਸੰਮੇਲਨ ’ਚ ਹਿੱਸਾ ਲੈਣ ਤੋਂ ਬਾਅਦ ਸਨਿਚਰਵਾਰ  ਨੂੰ ਨਿਊਯਾਰਕ ਪਹੁੰਚੇ, ਜਿੱਥੇ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ  ਨਾਲ ਦੁਵਲੀ ਗੱਲਬਾਤ ਕੀਤੀ। 

ਮੋਦੀ ਨੇ ਐਤਵਾਰ ਦੁਪਹਿਰ ਨੂੰ ਲੌਂਗ ਆਈਲੈਂਡ ’ਚ ਮੋਦੀ ਐਂਡ ਅਮਰੀਕਾ ਪ੍ਰੋਗਰਾਮ ’ਚ ਹਜ਼ਾਰਾਂ ਭਾਰਤੀ-ਅਮਰੀਕੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਇਕ  ਗੋਲਮੇਜ਼ ਮੀਟਿੰਗ ’ਚ ਅਮਰੀਕੀ ਤਕਨਾਲੋਜੀ ਨੇਤਾਵਾਂ ਅਤੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਬਾਅਦ ’ਚ ਉਨ੍ਹਾਂ ਨੇ ਵਿਸ਼ਵ ਨੇਤਾਵਾਂ ਨਾਲ ਦੁਵਲੀ ਗੱਲਬਾਤ ਕੀਤੀ।