ਭਾਰਤ-ਪਾਕਿਸਤਾਨ ਵੰਡ ਕਾਰਨ ਵਿਛੜੇ ਚਚੇਰੇ ਭੈਣ-ਭਰਾ ਦੀ 76 ਸਾਲਾਂ ਬਾਅਦ ਕਰਤਾਰਪੁਰ ’ਚ ਮੁੜ ਹੋਈ ਮੁਲਾਕਾਤ
ਸੋਸ਼ਲ ਮੀਡੀਆ ਦੀ ਬਦੌਲਤ ਮੁੜ ਮਿਲਣਾ ਨਸੀਬ ਹੋਇਆ ਮੁਹੰਮਦ ਇਸਮਾਈਲ ਅਤੇ ਸੁਰਿੰਦਰ ਕੌਰ ਨੂੰ
ਲਾਹੌਰ: ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ 76 ਸਾਲ ਪਹਿਲਾਂ ਵੱਖ ਹੋਏ ਚਚੇਰੇ ਭਰਾ-ਭੈਣ ਇਤਿਹਾਸਕ ਕਰਤਾਰਪੁਰ ਲਾਂਘੇ ’ਤੇ ਮੁੜ ਮਿਲ ਸਕੇ। ਉਨ੍ਹਾਂ ਦੀ ਇਹ ਮੁਲਾਕਾਤ ਸੋਸ਼ਲ ਮੀਡੀਆ ਕਾਰਨ ਸੰਭਵ ਹੋ ਸਕੀ। ਪਾਕਿਸਤਾਨ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।
ਮੁਹੰਮਦ ਇਸਮਾਈਲ ਅਤੇ ਉਨ੍ਹਾਂ ਦੀ ਭੈਣ ਸੁਰਿੰਦਰ ਕੌਰ ਪਾਕਿਸਤਾਨ ਅਤੇ ਭਾਰਤ ਦੇ ਆਪੋ-ਆਪਣੇ ਸ਼ਹਿਰਾਂ ਤੋਂ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਪਹੁੰਚੇ ਅਤੇ ਐਤਵਾਰ ਨੂੰ ਉਨ੍ਹਾਂ ਦਾ ਭਾਵੁਕ ਪੁਨਰ-ਮਿਲਨ ਹੋਇਆ। ਦੋਹਾਂ ਦੀ ਉਮਰ 80 ਸਾਲ ਦੇ ਕਰੀਬ ਹੈ।
ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਦੇ ਇਕ ਅਧਿਕਾਰੀ ਨੇ ਦਸਿਆ ਕਿ ਕਰਤਾਰਪੁਰ ਸਾਹਿਬ ਪ੍ਰਸ਼ਾਸਨ ਨੇ ਚਚੇਰੇ ਭਰਾਵਾਂ ਦੇ ਮੁੜ ਮਿਲਾਪ ਦੀ ਸਹੂਲਤ ਦਿਤੀ ਹੈ।
ਇਸਮਾਈਲ ਲਾਹੌਰ ਤੋਂ ਲਗਭਗ 200 ਕਿਲੋਮੀਟਰ ਦੂਰ ਪੰਜਾਬ ਦੇ ਸਾਹੀਵਾਲ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਜਦਕਿ ਸੁਰਿੰਦਰ ਕੌਰ ਜਲੰਧਰ ਦੀ ਰਹਿਣ ਵਾਲੀ ਹੈ। ਇਸਮਾਈਲ ਅਤੇ ਸੁਰਿੰਦਰ ਕੌਰ ਦੇ ਪਰਿਵਾਰ ਵੰਡ ਤੋਂ ਪਹਿਲਾਂ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਸ਼ਹਿਰ ’ਚ ਰਹਿੰਦੇ ਸਨ ਜਦੋਂ ਦੰਗਿਆਂ ਨੇ ਉਨ੍ਹਾਂ ਨੂੰ ਵੱਖ ਕਰ ਦਿਤਾ ਸੀ।
ਇਕ ਪਾਕਿਸਤਾਨੀ ਪੰਜਾਬੀ ਯੂ-ਟਿਊਬ ਚੈਨਲ ਨੇ ਇਸਮਾਈਲ ਦੀ ਕਹਾਣੀ ਪੋਸਟ ਕੀਤੀ, ਜਿਸ ਤੋਂ ਬਾਅਦ ਇਕ ਆਸਟ੍ਰੇਲੀਆ ਦੇ ਇਕ ਸਰਦਾਰ ਮਿਸ਼ਨ ਸਿੰਘ ਨੇ ਉਸ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਭਾਰਤ ਵਿਚ ਅਪਣੇ ਪਰਿਵਾਰਕ ਜੀਆਂ ਬਾਰੇ ਦਸਿਆ।
ਮਿਸ਼ਨ ਸਿੰਘ ਨੇ ਇਸਮਾਈਲ ਕੌਰ ਦਾ ਟੈਲੀਫੋਨ ਨੰਬਰ ਦਿਤਾ ਜਿਸ ਤੋਂ ਬਾਅਦ ਦੋਹਾਂ ਭੈਣਾਂ-ਭਰਾਵਾਂ ਨੇ ਗੱਲਬਾਤ ਕੀਤੀ ਅਤੇ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮਿਲਣ ਦਾ ਫੈਸਲਾ ਕੀਤਾ। ਕਰਤਾਰਪੁਰ ’ਚ ਮੁਲਾਕਾਤ ਦੌਰਾਨ ਦੋਵੇਂ ਭਾਵੁਕ ਹੋ ਗਏ।