ਦੋ ਭਾਰਤੀ ਅਧਿਕਾਰੀਆਂ ਨੂੰ ਪਾਕਿ ਦੇ ਗੁਰਦੁਆਰਾ ਸਾਹਿਬ 'ਚ ਜਾਣੋਂ ਰੋਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਦੇ 2 ਅਧਿਕਾਰੀਆਂ ਨੂੰ ਪਾਕਿਸਤਾਨ ਦੇ 2 ਗੁਰਦੁਆਰਿਆਂ 'ਚ ਦਾਖਲ ਨਹੀਂ ਹੋਣ ਦਿਤਾ ਗਿਆ। ਦੱਸਿਆ ਜਾ ਰਿਹਾ...

Gurdwara Sahib in Pakistan

ਲਾਹੌਰ (ਭਾਸ਼ਾ): ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਦੇ 2 ਅਧਿਕਾਰੀਆਂ ਨੂੰ ਪਾਕਿਸਤਾਨ ਦੇ 2 ਗੁਰਦੁਆਰਿਆਂ 'ਚ ਦਾਖਲ ਨਹੀਂ ਹੋਣ ਦਿਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਇਸ ਗੱਲ ਤੋਂ ਪਰੇਸ਼ਾਨ ਹੈ ਕਿ ਭਾਰਤ 'ਚ ਇਕ ਅਜਿਹੀ ਫਿਲਮ ਦਿਖਾਈ ਗਈ ਜਿਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਭਾਰਤੀ ਅਧਿਕਾਰੀਆਂ ਅਰਨਜੀਤ ਸਿੰਘ ਅਤੇ ਸੁਨੀਲ ਕੁਮਾਰ ਨੂੰ ਬੁੱਧਵਾਰ ਰਾਤ ਗੁਰਦੁਆਰਾ ਨਾਨਕਾਣਾ ਸਾਹਿਬ ਅਤੇ ਵੀਰਵਾਰ ਨੂੰ ਗੁਰਦੁਆਰਾ ਸੱਚਾ ਸੌਦਾ 'ਚ ਦਾਖਲ ਹੋਣ ਤੋਂ ਰੋਕ ਦਿਤਾ ਗਿਆ। ਦੱਸ ਦਈਏ ਕਿ ਇਹ ਦੋਵੇਂ ਹੀ ਗੁਰਦੁਆਰੇ ਪਾਕਿਸਤਾਨ ਦੇ ਪੰਜਾਬ ਸੂਬੇ 'ਚ ਹਨ। ਗੁਰਦੁਆਰਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਦਾਖਲ ਹੋਣ ਤੋਂ ਰੋਕਿਆ। ਪ੍ਰਸ਼ਾਸਨ ਨੇ ਆਖਿਆ ਕਿ ਭਾਰਤ ਸਰਕਾਰ ਨੇ 'ਨਾਨਕ ਸ਼ਾਹ ਫਕੀਰ' ਨੂੰ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਦੇ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ।

ਵਿਸਥਾਪਿਤ ਲੋਕਾਂ ਦੀ ਜਾਇਦਾਦ ਨਾਲ ਸਬੰਧਿਤ ਈ.ਟੀ.ਪੀ ਬੋਰਡ ਨੇ ਕਿਹਾ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਭਾਰਤੀ ਅਧਿਕਾਰੀਆਂ ਨੂੰ ਰੋਕਿਆ। ਦੱਸ ਦਈਏ ਕਿ ਰੋਕੇ ਗਏ ਅਧਿਕਾਰੀ ਵੀਡੀਓ 'ਚ ਇਹ ਕਹਿੰਦੇ ਹੋਏ ਸੁਣੇ ਜਾ ਸਕਦੇ ਹਨ, 'ਗੁਰੂ ਦੇ ਘਰ 'ਚ ਕਿਸੇ ਸਿੱਖ ਨੂੰ ਦਾਖਲ ਹੋਣ ਤੋਂ ਨਹੀਂ ਰੋਕਿਆ ਜਾਂਦਾ। ਸਾਨੂੰ ਹੈਰਾਨੀ ਹੈ ਤੁਸੀਂ ਸਾਨੂੰ ਕਿਉਂ ਰੋਕ ਰਹੇ ਹੋ?' ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਇਹ ਕਹਿੰਦੇ ਰਹੇ ਕਿ ਉਨ੍ਹਾਂ ਦਾ ਇਥੋਂ ਚਲੇ ਜਾਣਾ ਹੀ ਚੰਗਾ ਹੋਵੇਗਾ।

ਈ.ਟੀ.ਬੀ ਬੋਰਡ ਦੇ ਸਕੱਤਰ ਤਾਰਿਕ ਵਜ਼ੀਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਭਾਰਤੀ ਹਾਈ ਕਮਿਸ਼ਨਰ ਨੂੰ ਲਿੱਖ ਕੇ ਕਿਹਾ ਸੀ ਕਿ ਉਹ ਆਪਣੇ ਅਧਿਕਾਰੀਆਂ ਨੂੰ ਕਿਸੇ ਵੀ ਗੁਰਦੁਆਰੇ 'ਚ ਨਾ ਭੇਜਣ ਕਿਉਂਕਿ ਫਿਲਮ ਪ੍ਰਦਰਸ਼ਿਤ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਅਧਿਕਾਰੀਆਂ ਨੇ ਉਨ੍ਹਾਂ ਦੀ ਸਲਾਹ ਨਜ਼ਰਅੰਦਾਜ਼ ਕੀਤੀ।

ਜੂਨ 'ਚ ਵੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾਰੀਆ ਅਤੇ ਉਨ੍ਹਾਂ ਦੀ ਪਤਨੀ ਨੂੰ ਰਾਵਲਪਿੰਡੀ ਦੇ ਹਸਨ ਅਬਦਲ ਸਥਿਤ ਗੁਰਦੁਆਰਾ ਪੰਜਾ ਸਾਹਿਬ 'ਚ ਦਾਖਲ ਕਰਨ ਤੋਂ ਰੋਕ ਦਿੱਤਾ ਸੀ।