ਭਾਰਤੀ-ਅਮਰੀਕੀ ਡਾਕਟਰ ਅਜੇ ਲੋਧਾ ਦੀ ਮੌਤ, ਕੋਵਿਡ-19 ਸੰਬੰਧੀ ਪਰੇਸ਼ਾਨੀਆਂ ਦਾ ਚੱਲ ਰਿਹਾ ਸੀ ਇਲਾਜ 

ਏਜੰਸੀ

ਖ਼ਬਰਾਂ, ਕੌਮਾਂਤਰੀ

ਪਿਛਲੇ 8 ਮਹੀਨੇ ਤੋਂ ਕਲੀਵਲੈਂਡ ਕਲੀਨਿਕ ਵਿਚ ਕੋਵਿਡ-19 ਸੰਬੰਧੀ ਪਰੇਸ਼ਾਨੀਆਂ ਦਾ ਇਲਾਜ ਚੱਲ ਰਿਹਾ ਸੀ।

Eminent Indian-American Physician Ajay Lodha Passes Away Due to Covid-19 Complications

ਨਿਊਯਾਰਕ - ਭਾਰਤੀ-ਅਮਰੀਕੀ ਡਾਕਟਰ ਅਤੇ ਭਾਈਚਾਰੇ ਦੇ ਨੇਤਾ ਅਜੈ ਲੋਧਾ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਮੌਤ ਕੋਵਿਡ-19 ਸੰਬੰਧੀ ਪਰੇਸ਼ਾਨੀਆਂ ਕਾਰਨ ਹੋਈ ਹੈ। ਭਾਰਤੀ ਮੂਲ ਦੇ 'ਅਮੇਰਿਕਨ ਐਸੋਸੀਏਸ਼ਨ ਆਫ ਫਿਜੀਸ਼ੀਅਨ' (ਏ.ਏ.ਪੀ.ਆਈ.) ਦੇ ਸਾਬਕਾ ਪ੍ਰਧਾਨ ਦਾ ਪਿਛਲੇ 8 ਮਹੀਨੇ ਤੋਂ ਕਲੀਵਲੈਂਡ ਕਲੀਨਿਕ ਵਿਚ ਕੋਵਿਡ-19 ਸੰਬੰਧੀ ਪਰੇਸ਼ਾਨੀਆਂ ਦਾ ਇਲਾਜ ਚੱਲ ਰਿਹਾ ਸੀ। ਉਹਨਾਂ ਦੀ ਮੌਤ 21 ਨਵੰਬਰ ਨੂੰ ਹੋਈ। 

ਉਹਨਾਂ ਦੇ ਪਰਿਵਾਰ ਵਿਚ ਪਤਨੀ ਸਮਿਤਾ, ਇਕ ਬੇਟਾ ਅਮਿਤ ਅਤੇ ਬੇਟੀ ਸ਼ਵੇਤਾ ਹੈ। ਨਿਊਯਾਰਕ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਟਵੀਟ ਕੀਤਾ,''ਭਾਰਤੀ-ਅਮਰੀਕੀ ਭਾਈਚਾਰੇ ਦੇ ਇਕ ਮਸ਼ਹੂਰ ਨੇਤਾ ਡਾਕਟਰ ਅਜੈ ਲੋਧਾ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁਖੀ ਹਾਂ। ਉਹ ਹਮੇਸ਼ਾ ਸਾਡੇ ਦਿਲਾਂ ਵਿਚ ਵੱਸਦੇ ਰਹਿਣਗੇ। ਉਹਨਾਂ ਦੀ ਮਨੁੱਖਤਾ, ਦਿਆਲਤਾ ਅਤੇ ਸਮਾਜ ਨੂੰ ਉਹਨਾਂ ਦਾ ਯੋਗਦਾਨ ਹਮੇਸ਼ਾ ਸਾਰਿਆਂ ਨੂੰ ਪ੍ਰੇਰਿਤ ਕਰਦਾ ਰਹੇਗਾ।''

ਏ.ਏ.ਪੀ.ਆਈ. ਦੇ ਪ੍ਰਧਾਨ ਸੁਧਾਕਰ ਜੋਨਲਨਾਗੱਡਾ ਨੇ ਉਹਨਾਂ ਨੂੰ ਇਕ ਦੂਰਦਰਸ਼ੀ ਨੇਤਾ ਦੱਸਦਿਆਂ ਉਹਨਾਂ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਉਹਨਾਂ ਦੀ ਮੌਤ ਏ.ਏ.ਪੀ.ਆਈ. ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਹੈ।'' ਏ.ਏ.ਪੀ.ਆਈ. ਦੀ ਨਵੀਂ ਚੁਣੀ ਗਈ ਪ੍ਰਧਾਨ ਡਾਕਟਰ ਅਨੁਪਮਾ ਸੁਧਾਕਰ, 'ਜੈਪੁਰ ਫੁਟ ਯੂ.ਐੱਸ.ਏ.' ਦੇ ਪ੍ਰਧਾਨ ਪ੍ਰੇਮ ਭੰਡਾਰੀ, ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਮੇਤ ਕਈ ਲੋਕਾਂ ਨੇ ਉਹਨਾਂ ਦੀ ਮੌਤ 'ਤੇ ਸੋਗ ਪ੍ਰਗਚ ਕੀਤਾ।

ਲੋਧਾ ਨੇ ਉੱਤਰੀ ਅਮਰੀਕਾ ਦੇ ਰਾਜਸਥਾਨ ਐਸੋਸੀਏਸ਼ਨ ਅਤੇ ਰਾਜਸਥਾਨ ਮੈਡੀਕਲ ਐਲੁਮਨੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਨਿਊਯਾਰਕ ਵਿਚ ਫਲਸ਼ਿੰਗ ਹਸਪਤਾਲ ਵਿਚ ਅਨੁਸੰਧਾਨ ਵਿਭਾਗ ਦੇ ਨਿਦੇਸ਼ਕ ਦੇ ਤੌਰ 'ਤੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ।