ਨਾਈਜ਼ੀਰੀਆ/ਸ਼ਾਹ : ਅਫ਼ਰੀਕਾ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਦੇਸ਼ ਨਾਈਜ਼ੀਰੀਆ ਦੇ ਸਕੂਲਾਂ ਵਿਚ ਅਗਵਾ ਦੀਆਂ ਘਟਨਾਵਾਂ ਫਿਰ ਤੋਂ ਵਧਣੀਆਂ ਸ਼ੁਰੂ ਹੋ ਗਈਆਂ ਨੇ। ਤਾਜ਼ਾ ਘਟਨਾ ਤਹਿਤ ਨਾਈਜ਼ਰ ਸੂਬੇ ਵਿਚ ਇਕ ਕੈਥੋਲਿਕ ਸਕੂਲ ਤੋਂ 315 ਵਿਦਿਆਰਥੀਆਂ ਅਤੇ ਟੀਚਰਾਂ ਨੂੰ ਕਥਿਤ ਤੌਰ ’ਤੇ ਅਗਵਾ ਕਰ ਲਿਆ ਗਿਆ, ਇਹ ਨਾਈਜ਼ੀਰੀਆ ਵਿਚ ਇਕ ਹਫ਼ਤੇ ਦੇ ਅੰਦਰ ਦੂਜੀ ਵੱਡੀ ਕਿਡਨੈਪਿੰਗ ਦੀ ਘਟਨਾ ਏ।
ਨਾਈਜ਼ੀਰੀਆ ਦੇ ਇਕ ਸਕੂਲ ਵਿਚੋਂ ਕੁੱਝ ਹਥਿਆਰਬੰਦ ਹਮਲਾਵਰਾਂ ਨੇ ਬੰਦੂਕ ਦੀ ਨੋਕ ’ਤੇ 315 ਵਿਦਿਆਰਥੀਆਂ ਅਤੇ ਟੀਚਰਾਂ ਨੂੰ ਅਗਵਾ ਕਰ ਲਿਆ, ਜਿਸ ਤੋਂ ਬਾਅਦ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮਹਿਜ਼ ਇਕ ਹਫ਼ਤੇ ਦੇ ਅੰਦਰ ਇਹ ਦੂਜੀ ਵੱਡੀ ਘਟਨਾ ਵਾਪਰੀ ਐ,, ਜਦਕਿ ਇਸ ਤੋਂ ਪਹਿਲਾਂ ਗੁਆਂਢੀ ਸੂਬੇ ਕੇਬੀ ਤੋਂ 25 ਵਿਦਿਆਰਥੀਆਂ ਨੂੰ ਅਗਵਾ ਕਰ ਲਿਆ ਗਿਆ ਸੀ ਪਰ ਮੌਜੂਦਾ ਘਟਨਾ ਨਾਈਜ਼ਰ ਸੂਬੇ ਦੇ ਸੇਂਟ ਮੈਰੀ ਕੋ-ਐਜੁਕੇਸ਼ਨ ਸਕੂਲ ਵਿਚ ਵਾਪਰੀ ਐ। ਨਾਈਜ਼ੀਰੀਆ ਦੇ ਕ੍ਰਿਸ਼ਚਿਅਨ ਐਸੋਸੀਏਸ਼ਨ ਨੇ ਆਖਿਆ ਕਿ ਨਵਾਂ ਅੰਕੜਾ ਸ਼ੁੱਕਰਵਾਰ ਨੂੰ ਹੋਈ ਵੱਡੀ ਕਿਡਨੈਪਿੰਗ ਦੀ ਵੈਰੀਫਿਕੇਸ਼ਨ ਤੋਂ ਬਾਅਦ ਆਇਆ ਏ।
ਕ੍ਰਿਸ਼ਚਿਅਨ ਐਸੋਸੀਏਸ਼ਨ ਆਫ਼ ਨਾਈਜ਼ੀਰੀਆ ਦੇ ਮੁਤਾਬਕ ਕਿਡਨੈਪ ਹੋਏ ਪੀੜਤਾਂ ਦੀ ਕੁੱਲ ਗਿਣਤੀ 315 ਹੋ ਗਈ ਐ, ਜਿਨ੍ਹਾਂ ਵਿਚ 303 ਵਿਦਿਆਰਥੀ ਅਤੇ 12 ਟੀਚਰ ਜਿਨ੍ਹਾਂ ਵਿਚੋਂ 4 ਔਰਤਾਂ ਅਤੇ 8 ਪੁਰਸ਼ ਸ਼ਾਮਲ ਨੇ। ਸਕੂਲ ਵਿਚ ਕੁੱਲ 629 ਵਿਦਿਆਰਥੀ ਨੇ,, ਯਾਨੀ ਕਿ ਸਕੂਲ ਦੇ ਕਰੀਬ ਅੱਧੇ ਬੱਚੇ ਕਿਡਨੈਪ ਹੋ ਚੁੱਕੇ ਨੇ। ਕ੍ਰਿਸ਼ਚਿਅਨ ਐਸੋਸੀਏਸ਼ਨ ਨੇ ਆਖਿਆ ਕਿ ਕੋਂਟਾਗੋਰਾ ਡਾਇਓਸੀਜ਼ ਦੇ ਕੈਥੋਲਿਕ ਬਿਸ਼ਪ ਰੇਵਰੇਂਡ ਬੁਲੁਸ ਦਾਊਵਾ ਯੋਹਾਨਾ ਨੈ ਸੈਂਟ ਮੈਰੀ ਦਾ ਦੌਰਾ ਕਰਨ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਇਨ੍ਹਾਂ ਘਟਨਾਵਾਂ ਤੋਂ ਬਾਅਦ ਨਾਈਜ਼ੀਰੀਆ ਵਿਚ ਸੁਰੱਖਿਆ ਸਬੰਧੀ ਚਿੰਤਾਵਾਂ ਵਧ ਗਈਆਂ ਨੇ। ਇਕ ਖ਼ਬਰ ਮੁਤਾਬਕ ਨਾਈਜ਼ੀਰੀਆਈ ਸਰਕਾਰ ਨੇ ਕਿਡਨੈਪ ਹੋਏ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਗਿਣਤੀ ’ਤੇ ਕੋਈ ਕੁਮੈਂਟ ਤਾਂ ਨਹੀਂ ਕੀਤਾ ਪਰ ਦੇਸ਼ ਦੇ ਰਾਸ਼ਟਰਪਤੀ ਬੋਲਾ ਅਹਿਮਦ ਟੀਨੁਬੂ ਨੇ ਇਸ ਘਟਨਾ ਤੋਂ ਬਾਅਦ ਦੇਸ਼ ਦੀ ਸੁਰੱਖਿਆ ’ਤੇ ਧਿਆਨ ਦੇਣ ਦੇ ਲਈ ਆਪਣੀਆਂ ਵਿਦੇਸ਼ੀ ਯਾਤਰਾਵਾਂ ਟਾਲ਼ ਦਿੱਤੀਆਂ ਨੇ, ਜਿਨ੍ਹਾਂ ਵਿਚ ਦੱਖਣ ਅਫ਼ਰੀਕਾ ਵਿਚ ਹੋ ਰਿਹਾ ਜੀ-20 ਸ਼ਿਖ਼ਰ ਸੰਮੇਲਨ ਵੀ ਸ਼ਾਮਲ ਐ।
ਇਸ ਵੱਡੀ ਘਟਨਾ ਤੋਂ ਬਾਅਦ ਨਾਈਜ਼ਰ ਸੂਬਾ ਸਰਕਾਰ ਨੇ ਜਿੱਥੇ ਕਈ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਨੇ, ਉਥੇ ਹੀ ਨਾਲ ਦੇ ਰਾਜਾਂ ਕੈਟਸਿਨਾ ਅਤੇ ਪਲੇਟੋ ਦੇ ਅਧਿਕਾਰੀਆਂ ਨੇ ਵੀ ਇਹਤਿਆਤ ਦੇ ਤੌਰ ’ਤੇ ਸਾਰੇ ਸਕੂਲਾਂ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਨੇ। ਨਾਈਜ਼ੀਰੀਆ ਦੀ ਆਬਾਦੀ ਲਗਭਗ 23 ਕਰੋੜ ਐ ਅਤੇ ਇੱਥੇ 53 ਫ਼ੀਸਦੀ ਆਬਾਦੀ ਇਸਲਾਮ ਅਤੇ 46 ਫ਼ੀਸਦੀ ਆਬਾਦੀ ਇਸਾਈ ਧਰਮ ਨੂੰ ਮੰਨਣ ਵਾਲੀ ਐ, ਜਿਨ੍ਹਾਂ ਵਿਚ ਦਹਾਕਿਆਂ ਤੋਂ ਸੰਘਰਸ਼ ਚਲਦਾ ਆ ਰਿਹਾ ਏ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸੇ ਨੂੰ ਲੈ ਕੇ ਬੀਤੇ ਦਿਨੀਂ ਕੁਮੈਂਟ ਕੀਤਾ ਸੀ ਕਿ ਨਾਈਜ਼ੀਰੀਆ ਵਿਚ ਇਸਾਈ ਧਰਮ ਦੀ ਹੋਂਦ ਖ਼ਤਰੇ ਵਿਚ ਐ,,ਉਨ੍ਹਾਂ ਨੇ ਕੱਟੜਪੰਥੀ ਮੁਸਲਿਮਾਂ ’ਤੇ ਇਸਾਈਆਂ ਦੇ ਸਮੂਹਿਕ ਕਤਲੇਆਮ ਦਾ ਇਲਜ਼ਾਮ ਲਗਾਇਆ ਸੀ।
ਦੱਸ ਦਈਏ ਕਿ ਨਾਈਜ਼ੀਰੀਆ ਲੰਬੇ ਸਮੇਂ ਤੋਂ ਕਿਡਨੈਪਿੰਗ ਦੀ ਸਮੱਸਿਆ ਨਾਲ ਜੂਝ ਰਿਹਾ ਏ। ਇਕ ਸਮੇਂ ਤੱਕ ਇਸ ਦੀ ਵਰਤੋਂ ਰਾਜਨੀਤਕ ਵਿਰੋਧੀਆਂ ਨੂੰ ਨਿਪਟਾਉਣ ਜਾਂ ਦਹਿਸ਼ਤ ਪੈਦਾ ਕਰਨ ਲਈ ਕੀਤੀ ਜਾਂਦੀ ਸੀ,, ਫਿਰ ਇਸ ਵਿਚ ਬੋਕੋ ਹਰਾਮ ਨੂੰ ਮੌਕਾ ਦਿਸਿਆ। ਉਨ੍ਹਾਂ ਨੇ ਕੁੜੀਆਂ ਨੂੰ ਵੇਚ ਕੇ ਪੈਸੇ ਕਮਾਉਣ ਲਈ ਸਕੂਲੀ ਕੁੜੀਆਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ, ਪਰ ਹੌਲੀ ਹੌਲੀ ਇਸ ਵਿਚ ਦੂਜੇ ਛੋਟੇ ਮੋਟੇ ਅਪਰਾਧਿਕ ਗੈਂਗ ਵੀ ਸ਼ਾਮਲ ਹੋਣ ਲੱਗੇ,, ਜਿਸ ਕਰਕੇ ਕਿਡਨੈਪਿੰਗ ਇੰਡਸਟਰੀ ਦਾ ਗ੍ਰਾਫ਼ ਦਾ ਲਗਾਤਾਰ ਵਧਦਾ ਹੀ ਚਲਾ ਗਿਆ। ਭਾਵੇਂ ਕਿ ਸਿਆਸੀ ਪਾਰਟੀਆਂ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿਚ ਇਸ ਸਮੱਸਿਆ ਨੂੰ ਖ਼ਤਮ ਕਰਨ ਦੇ ਵਾਅਦੇ ਕੀਤੇ ਜਾਂਦੇ ਨੇ ਪਰ ਹਾਲੇ ਤੱਕ ਇਸ ਸਮੱਸਿਆ ਵਿਚ ਕੋਈ ਕਮੀ ਆਉਂਦੀ ਦਿਖਾਈ ਨਹੀਂ ਦੇ ਰਹੀ।