Afghanistan ਦੇ ਗੁਰੂ ਘਰ ਤੇ ਮੰਦਰ ਫਿਰ ਤੋਂ ਹੋਣਗੇ ਆਬਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਤਾਲਿਬਾਨ ਸਰਕਾਰ ਨੇ ਅਫ਼ਗਾਨ ਹਿੰਦੂ-ਸਿੱਖਾਂ ਨੂੰ ਵਾਪਸ ਬੁਲਾਇਆ

Afghanistan's Gurudwaras and Temples Will Be Repopulated

ਨਵੀਂ ਦਿੱਲੀ/ ਸ਼ਾਹ : ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਵੱਲੋਂ ਹੁਣ ਅਫ਼ਗਾਨਿਸਤਾਨ ਤੋਂ ਆਏ ਹਿੰਦੂ-ਸਿੱਖਾਂ ਨੂੰ ਵਾਪਸ ਬੁਲਾਇਆ ਜਾ ਰਿਹਾ ਏ ਤਾਂ ਜੋ ਉਹ ਅਫ਼ਗਾਨਿਸਤਾਨ ਦੀ ਆਰਥਿਕਤਾ ਵਿਚ ਆਪਣਾ ਯੋਗਦਾਨ ਪਾ ਸਕਣ। ਦਰਅਸਲ ਇਹ ਸੱਦਾ ਅਫ਼ਗਾਨਿਸਤਾਨ ਦੇ ਵਪਾਰਕ ਅਤੇ ਉਦਯੋਗ ਮੰਤਰੀ ਅਲਹਾਜ ਨੂਰੂਦੀਨ ਅਜੀਜ਼ੀ ਵੱਲੋਂ ਦਿੱਤਾ ਗਿਆ ਜੋ ਪੰਜ ਦਿਨਾਂ ਦੀ ਯਾਤਰਾ ’ਤੇ ਭਾਰਤ ਪੁੱਜੇ ਹੋਏ ਨੇ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਭਾਰਤੀ ਕੰਪਨੀਆਂ ਨੂੰ ਅਫ਼ਗਾਨਿਸਤਾਨ ਵਿਚ ਨਿਵੇਸ਼ ਕਰਨ ਦਾ ਵੀ ਸੱਦਾ ਦਿੱਤਾ ਗਿਆ। ਦੇਖੋ, ਕੀ ਐ ਪੂਰੀ ਖ਼ਬਰ।

ਅਫ਼ਗਾਨਿਸਤਾਨ ਦੇ ਵਪਾਰਕ ਅਤੇ ਉਦਯੋਗ ਮੰਤਰੀ ਅਲਹਾਜ ਨੂਰੂਦੀਨ ਅਜੀਜ਼ੀ ਪੰਜ ਦਿਨਾਂ ਦੀ ਯਾਤਰਾ ’ਤੇ ਦਿੱਲੀ ਪੁੱਜੇ ਹੋਏ ਨੇ। ਉਨ੍ਹਾਂ ਆਖਿਆ ਏ ਕਿ ਜਿਹੜੇ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕ 2021 ਵਿਚ ਤਾਲਿਬਾਨ ਸੱਤਾ ਦੇ ਪਰਤਣ ਤੋਂ ਬਾਅਦ ਵਧਦੀਆਂ ਧਮਕੀਆਂ ਅਤੇ ਸੰਪਤੀ ਜ਼ਬਤ ਹੋਣ ਦੇ ਡਰ ਤੋਂ ਅਫ਼ਗਾਨਿਸਤਾਨ ਛੱਡ ਕੇ ਆ ਗਏ ਸੀ, ਉਹ ਦੁਬਾਰਾ ਤੋਂ ਅਫ਼ਗਾਨਿਸਤਾਨ ਵਿਚ ਆ ਕੇ ਆਪਣੇ ਕਾਰੋਬਾਰ ਸ਼ੁਰੂ ਕਰ ਸਕਦੇ ਨੇ ਅਤੇ ਅਫ਼ਗਾਨ ਸਰਕਾਰ ਉਨ੍ਹਾਂ ਦਾ ਸਮਰਥਨ ਜਾਰੀ ਰੱਖੇਗੀ। ਉਨ੍ਹਾਂ ਵੱਲੋਂ ਭਾਰਤੀ ਕੰਪਨੀਆਂ ਨੂੰ ਅਫ਼ਗਾਨਿਸਤਾਨ ਵਿਚ ਨਿਵੇਸ਼ ਦੇ ਲਈ ਸੱਦਾ ਦਿੱਤਾ ਗਿਆ ਏ। ਅਫ਼ਗਾਨ ਮੰਤਰੀ ਨੇ ਆਖਿਆ ਕਿ ਮਾਈਨਿੰਗ, ਐਗਰੀਕਲਚਰ, ਹੈਲਥ ਐਂਡ ਮੈਡੀਸਨ, ਆਈਟੀ, ਐਨਰਜੀ ਅਤੇ ਕੱਪੜਾ ਉਦਯੋਗ ਵਰਗੇ ਖੇਤਰਾਂ ਵਿਚ ਅਫ਼ਗਾਨਿਸਤਾਨ ਅੰਦਰ ਅਹਿਮ ਮੌਕੇ ਮੌਜੂਦ ਨੇ, ਜਿਸ ਦੇ ਲਈ ਅਫ਼ਗਾਨ ਸਰਕਾਰ ਦੁਵੱਲੇ ਵਪਾਰ ਅਤੇ ਆਰਥਿਕ ਸਹਿਯੋਗ ਨੂੰ ਵਧਾਉਣ ਲਈ ਅਨੁਕੂਲ ਮਾਹੌਲ ਦੇਣ ਦਾ ਵਾਅਦਾ ਕਰਦੀ ਐ। ਇੱਥੇ ਹੀ ਬਸ ਨਹੀਂ, ਅਫ਼ਗਾਨ ਮੰਤਰੀ ਅਜੀਜ਼ੀ ਨੇ ਸਿੱਖ ਅਤੇ ਹਿੰਦੂ ਸਮਾਜ ਦੇ ਲੋਕਾਂ ਦੀ ਜ਼ਿਆਦਾ ਹਿੱਸੇਦਾਰੀ ਨੂੰ ਵੀ ਉਤਸ਼ਾਹਿਤ ਕੀਤਾ ਅਤੇ ਆਖਿਆ ਕਿ ਅਸੀਂ ਸਾਰਿਆਂ ਦੇ ਲਈ ਬਰਾਬਰਤਾ, ਸ਼ਾਂਤੀਪੂਰਨ ਅਤੇ ਕਾਰੋਬਾਰ ਦੇ ਲਈ ਅਨੁਕੂਲ ਵਾਤਾਵਰਣ ਯਕੀਨ ਕਰਨ ਲਈ ਰਾਜ਼ੀ ਆਂ। 

ਅਫ਼ਗਾਨਿਸਤਾਨ ਤੋਂ ਵਾਪਸ ਆਏ ਹਿੰਦੂ-ਸਿੱਖਾਂ ਦੇ ਵਫ਼ਦ ਵੱਲੋਂ ਵੀ ਪਹਿਲਾਂ ਵਿਦੇਸ਼ ਮੰਤਰੀ ਮੁਤੱਕੀ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਅਤੇ ਹੁਣ ਅਜੀਜ਼ੀ ਦੇ ਨਾਲ ਮੁਲਾਕਾਤ ਕੀਤੀ ਜਾ ਸਕਦੀ ਐ। ਜਿਨ੍ਹਾਂ ਵੱਲੋਂ ਅਫ਼ਗਾਨਿਸਤਾਨ ਸਥਿਤ ਗੁਰੂ ਘਰਾਂ ਅਤੇ ਮੰਦਰਾਂ ਦੀ ਸਾਂਭ ਸੰਭਾਲ ਅਤੇ ਸੁਰੱਖਿਆ ਦਾ ਮੁੱਦਾ ਫਿਰ ਤੋਂ  ਉਠਾਇਆ ਜਾ ਸਕਦਾ ਏ। ਜੇਕਰ ਅਫ਼ਗਾਨਿਸਤਾਨ ਦੀ ਸਰਕਾਰ ਵਾਕਈ ਹਿੰਦੂ-ਸਿੱਖਾਂ ਨੂੰ ਸੁਰੱਖਿਆ ਦਾ ਵਾਅਦਾ ਕਰਕੇ ਵਾਪਸ ਬੁਲਾਉਣਾ ਚਾਹੁੰਦੀ ਐ ਤਾਂ ਇਹ ਉਨ੍ਹਾਂ ਹਿੰਦੂ-ਸਿੱਖਾਂ ਦੇ ਲਈ ਖ਼ੁਸ਼ਖ਼ਬਰੀ ਹੋਵੇਗੀ,, ਜੋ ਆਪਣੇ ਵਤਨ ਫਿਰ ਤੋਂ ਵਾਪਸ ਜਾਣਾ ਚਾਹੁੰਦੇ ਨੇ ਅਤੇ ਆਪਣੇ ਮਕਾਨ ਅਤੇ ਕਾਰੋਬਾਰ ਛੱਡ ਕੇ ਆਏ ਹੋਏ ਨੇ। ਪਿਛਲੇ ਸਮੇਂ ਦੌਰਾਨ ਕੁੱਝ ਅਫ਼ਗਾਨੀ ਸਿੱਖਾਂ ਵੱਲੋਂ ਇਹ ਇੱਛਾ ਵੀ ਜਤਾਈ ਗਈ ਸੀ ਕਿ ਜੇਕਰ ਉਨ੍ਹਾਂ ਨੂੰ ਅਫ਼ਗਾਨਿਸਤਾਨ ਦੀ ਸਰਕਾਰ ਵੱਲੋਂ ਸੁਰੱਖਿਆ ਦੀ ਗਾਰੰਟੀ ਮਿਲੇ ਤਾਂ ਉਹ ਅਫ਼ਗਾਨਿਸਤਾਨ ਵਿਚ ਜਾ ਕੇ ਆਪਣਾ ਕਾਰੋਬਾਰ ਫਿਰ ਤੋਂ ਸ਼ੁਰੂ ਕਰ ਸਕਦੇ ਨੇ ਕਿਉਂਕਿ ਪ੍ਰਮੁੱਖ ਮਸਲਾ ਸੁਰੱਖਿਆ ਦਾ ਏ, ਜਿਸ ਕਰਕੇ ਉਹ ਅਫ਼ਗਾਨਿਸਤਾਨ ਜਾਣ ਤੋਂ ਡਰਦੇ ਨੇ। ਜੇਕਰ ਅਫ਼ਗਾਨੀ ਹਿੰਦੂ ਸਿੱਖ ਫਿਰ ਤੋਂ ਅਫ਼ਗਾਨਿਸਤਾਨ ਜਾਂਦੇ ਨੇ ਤਾਂ ਉਥੇ ਪਏ ਗੁਰੂ ਅਤੇ ਮੰਦਰ ਫਿਰ ਤੋਂ ਆਬਾਦ ਹੋ ਜਾਣਗੇ।

ਜਾਣਕਾਰੀ ਅਨੁਸਾਰ ਅਫ਼ਗਾਨ ਮੰਤਰੀ ਅਜੀਜ਼ੀ ਉਚ ਪੱਧਰੀ ਵਫ਼ਦ ਦੇ ਨਾਲ ਭਾਰਤ ਪੁੱਜੇ ਹੋਏ ਨੇ। ਉਨ੍ਹਾਂ ਆਖਿਆ, ‘‘ਅਸੀਂ ਭਾਰਤੀ ਵਪਾਰੀਆਂ ਨੂੰ ਅਫ਼ਗਾਨਿਸਤਾਨ ਦੀ ਸਮਰੱਥਾ ਅਤੇ ਅਨੁਕੂਲ ਵਾਤਾਵਰਣ ਦੇਖਣ ਲਈ ਸੱਦਾ ਦਿੰਦੇ ਨੇ, ਜੋ ਅਸੀਂ ਉਨ੍ਹਾਂ ਅਤੇ ਹੋਰ ਕਾਰੋਬਾਰੀਆਂ ਦੇ ਲਈ ਤਿਆਰ ਕੀਤਾ ਏ। ਮਾਈਨਿੰਗ ਇੰਡਸਟਰੀ, ਖੇਤੀਬਾੜੀ ਸੈਕਟਰ, ਸਿਹਤ ਅਤੇ ਆਈਟੀ ਖੇਤਰਾਂ ਵਿਚ ਮੌਕਿਆਂ ਦਾ ਪਤਾ ਲਗਾਉਣ ਲਈ ਇਹ ਵਧੀਆ ਮੌਕਾ ਹੈ। ਅਫ਼ਗਾਨਿਸਤਾਨ ਵਿਚ ਬਹੁਤ ਸਾਰੇ ਮੌਕੇ ਮੌਜੂਦ ਨੇ ਅਤੇ ਮੈਂ ਤੁਹਾਨੂੰ ਸਾਡੇ ਵਤਨ ਆਉਣ ਲਈ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ।’’ ਇਸ ਦੌਰਾਨ ਅਜੀਜ਼ੀ ਨੇ ਨਵੀਂ ਦਿੱਲੀ ਵਿਖੇ ਉਦਯੋਗ ਮੰਡਲ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਕਰਵਾਏ ਇਕ ਸੈਸ਼ਨ ਨੂੰ ਵੀ ਸੰਬੋਧਨ ਕੀਤਾ, ਜਿਸ ਵਿਚ ਉਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਕੀਤੀ ਜਾ ਰਹੀ ਲਗਾਤਾਰ ਮਦਦ ’ਤੇ ਧੰਨਵਾਦ ਜਤਾਇਆ। ਅਜੀਜ਼ੀ ਨੇ ਆਖਿਆ ਕਿ ਅਫ਼ਗਾਨਿਸਤਾਨ ਨਵੇਂ ਮੌਕੇ ਦੇ ਰਿਹਾ ਏ,, ਜਿਸ ਵਿਚ ਕੱਚੇ ਮਾਲ ਅਤੇ ਮਸ਼ੀਨਰੀ ’ਤੇ ਇਕ ਫ਼ੀਸਦੀ ਟੈਕਸ, ਮੁਫ਼ਤ ਜ਼ਮੀਨ ਅਲਾਟ, ਭਰੋਸੇਮੰਦ ਬਿਜਲੀ ਸਪਲਾਈ ਅਤੇ ਨਵੇਂ ਕਾਰੋਬਾਰ ਦੇ ਲਈ ਪ੍ਰਸਤਾਵਿਤ ਪੰਜ ਸਾਲ ਦੀ ਟੈਕਸ ਛੋਟ ਸ਼ਾਮਲ ਐ। 

ਦੱਸ ਦਈਏ ਕਿ ਭਾਰਤ-ਅਫ਼ਗਾਨਿਸਤਾਨ ਦੁਵੱਲੇ ਵਪਾਰ ਨੂੰ ਵਧਾਉਣ ਲਈ ਸਾਰੇ ਯਤਨਾਂ ’ਤੇ ਰਾਜ਼ੀ ਹੋ ਗਏ ਨੇ, ਜਿਸ ਦੀ ਵਰਤਮਾਨ ਕੀਮਤ ਕਰੀਬ ਇਕ ਅਰਬ ਅਮਰੀਕੀ ਡਾਲਰ ਐ। ਇਸ ਦੌਰਾਨ ਭਾਰਤ ਵੱਲੋਂ ਦੋਵੇਂ ਦੇਸ਼ਾਂ ਵਿਚਾਲੇ ਹਵਾਈ ਮਾਲਵਾਹਕ ਸੇਵਾਵਾਂ ਵੀ ਜਲਦ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਏ। 
ਬਿਊਰੋ ਰਿਪੋਰਟ, ਰੋਜ਼ਾਨਾ ਸਪੋਕਸਮੈਨ ਟੀਵੀ