ਬੰਗਲਾਦੇਸ਼ ਨੇ ਭਾਰਤ ਤੋਂ ਮੰਗੀ ਸ਼ੇਖ ਹਸੀਨਾ ਦੀ ਹਵਾਲਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅੰਤਰਿਮ ਸਰਕਾਰ ਨੇ ਭਾਰਤ ਨੂੰ ਭੇਜਿਆ ਪੱਤਰ

Bangladesh asks India to extradite Sheikh Hasina

ਢਾਕਾ: ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਭਾਰਤ ਨੂੰ ਇਕ ਅਧਿਕਾਰਤ ਪੱਤਰ ਭੇਜਿਆ ਹੈ ਜਿਸ ’ਚ ਮੌਤ ਦੀ ਸਜ਼ਾ ਪ੍ਰਾਪਤ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਹਵਾਲਗੀ ਦੀ ਮੰਗ ਕੀਤੀ ਗਈ ਹੈ।

ਸਰਕਾਰੀ ਸਮਾਚਾਰ ਏਜੰਸੀ ਬੀ.ਐਸ.ਐਸ. ਨੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਮੁਹੰਮਦ ਤੌਹਿਦ ਹੁਸੈਨ ਦੇ ਹਵਾਲੇ ਨਾਲ ਕਿਹਾ, ‘‘ਇਹ ਪੱਤਰ ਕਲ ਭੇਜਿਆ ਗਿਆ ਸੀ।’’ ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਹੋਰ ਜਾਣਕਾਰੀ ਨਹੀਂ ਦਿਤੀ। ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰਤ ਸੂਤਰ ਦੇ ਹਵਾਲੇ ਨਾਲ ਏਜੰਸੀ ਨੇ ਕਿਹਾ ਕਿ ਇਹ ਜ਼ੁਬਾਨੀ ਨੋਟ (ਅਧਿਕਾਰਤ ਕੂਟਨੀਤਕ ਪੱਤਰ) ਨਵੀਂ ਦਿੱਲੀ ਵਿਚ ਬੰਗਲਾਦੇਸ਼ ਹਾਈ ਕਮਿਸ਼ਨ ਰਾਹੀਂ ਭੇਜਿਆ ਗਿਆ ਸੀ।

ਕੌਮਾਂਤਰੀ ਅਪਰਾਧ ਟ੍ਰਿਬਿਊਨਲ (ਆਈ.ਸੀ.ਟੀ.-ਬੀ.ਡੀ.) ਨੇ 17 ਨਵੰਬਰ ਨੂੰ 78 ਸਾਲ ਦੀ ਹਸੀਨਾ ਅਤੇ ਤਤਕਾਲੀ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਕਮਾਲ ਨੂੰ ਗੈਰ-ਹਾਜ਼ਰੀ ’ਚ ਮੁਕੱਦਮੇ ਦੀ ਸੁਣਵਾਈ ਤੋਂ ਬਾਅਦ ‘ਮਨੁੱਖਤਾ ਵਿਰੁਧ ਅਪਰਾਧ’ ਕਰਨ ਦੇ ਦੋਸ਼ ’ਚ ਮੌਤ ਦੀ ਸਜ਼ਾ ਸੁਣਾਈ ਸੀ। ਹਸੀਨਾ ਇਸ ਸਮੇਂ ਭਾਰਤ ’ਚ ਹੈ। ਮੰਨਿਆ ਜਾਂਦਾ ਹੈ ਕਿ ਕਮਾਲ ਵੀ ਭਾਰਤ ਵਿਚ ਲੁਕਿਆ ਹੋਇਆ ਹੈ।

ਹਸੀਨਾ ਦੀ ਅਵਾਮੀ ਲੀਗ ਸਰਕਾਰ ਨੂੰ ਪਿਛਲੇ ਸਾਲ 5 ਅਗੱਸਤ ਨੂੰ ‘ਜੁਲਾਈ ਵਿਦਰੋਹ’ ਵਜੋਂ ਜਾਣੇ ਜਾਂਦੇ ਵਿਦਿਆਰਥੀਆਂ ਦੀ ਅਗਵਾਈ ਵਾਲੇ ਹਿੰਸਕ ਵਿਰੋਧ ਪ੍ਰਦਰਸ਼ਨ ਵਿਚ ਡੇਗ ਦਿਤਾ ਗਿਆ ਸੀ।