ਰੱਖਿਆ ਅਤੇ ਪੁਲਾੜ ਖੇਤਰਾਂ ਵਿਚ ਡੂੰਘੇ ਸਹਿਯੋਗ ਲਈ ਸਹਿਮਤ ਹੋਏ ਭਾਰਤ ਅਤੇ ਕੈਨੇਡਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰਧਾਨ ਮੰਤਰੀ ਮੋਦੀ ਨੇ ਅਪਣੇ ਕੈਨੇਡੀਆਈ ਹਮਰੁਤਬਾ ਕਾਰਨੀ ਨਾਲ ਮੁਲਾਕਾਤ ਕੀਤੀ

India and Canada agree to deepen cooperation in defence and space sectors

ਜੋਹਾਨਸਬਰਗ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕੈਨੇਡਾ ਦੇ ਅਪਣੇ ਹਮਰੁਤਬਾ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵੇਂ ਨੇਤਾ ਵਪਾਰ, ਨਿਵੇਸ਼, ਤਕਨਾਲੋਜੀ ਅਤੇ ਊਰਜਾ ਵਰਗੇ ਖੇਤਰਾਂ ਵਿਚ ਸਬੰਧਾਂ ਨੂੰ ਅੱਗੇ ਵਧਾਉਣ ਤੋਂ ਇਲਾਵਾ ਰੱਖਿਆ ਅਤੇ ਪੁਲਾੜ ਖੇਤਰਾਂ ਵਿਚ ਡੂੰਘੇ ਸਹਿਯੋਗ ਦੀ ਸੰਭਾਵਨਾ ਨੂੰ ਖੋਲ੍ਹਣ ਉਤੇ  ਸਹਿਮਤ ਹੋਏ।

ਜੀ-20 ਸਿਖਰ ਸੰਮੇਲਨ ਦੌਰਾਨ ਬੈਠਕ ਤੋਂ ਬਾਅਦ ਮੋਦੀ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਬਹੁਤ ਲਾਭਕਾਰੀ ਮੁਲਾਕਾਤ ਹੋਈ। ਦੋਹਾਂ ਨੇਤਾਵਾਂ ਵਿਚਾਲੇ ਇਹ ਦੂਜੀ ਮੁਲਾਕਾਤ ਸੀ। ਇਸ ਤੋਂ ਪਹਿਲਾਂ ਉਹ ਜੂਨ ਵਿਚ ਕੈਨੇਡਾ ਦੇ ਕਾਨਾਨਾਸਕੀਸ ਵਿਖੇ ਜੀ-7 ਸਿਖਰ ਸੰਮੇਲਨ ਦੌਰਾਨ ਮਿਲੇ ਸਨ।

ਮੋਦੀ ਨੇ ਕਿਹਾ, ‘‘ਅਸੀਂ ਕੈਨੇਡਾ ਦੀ ਮੇਜ਼ਬਾਨੀ ’ਚ ਜੀ-7 ਸਿਖਰ ਸੰਮੇਲਨ ਦੌਰਾਨ ਹੋਈ ਅਪਣੀ ਪਿਛਲੀ ਬੈਠਕ ਤੋਂ ਬਾਅਦ ਅਪਣੇ  ਦੁਵਲੇ ਸਬੰਧਾਂ ’ਚ ਮਹੱਤਵਪੂਰਨ ਗਤੀ ਦੀ ਸ਼ਲਾਘਾ ਕੀਤੀ। ਅਸੀਂ ਆਉਣ ਵਾਲੇ ਮਹੀਨਿਆਂ ’ਚ ਅਪਣੇ  ਰਿਸ਼ਤਿਆਂ ਨੂੰ ਹੋਰ ਅੱਗੇ ਵਧਾਉਣ ਉਤੇ  ਸਹਿਮਤ ਹੋਏ ਹਾਂ, ਖਾਸ ਤੌਰ ਉਤੇ  ਵਪਾਰ, ਨਿਵੇਸ਼, ਤਕਨਾਲੋਜੀ ਅਤੇ ਨਵੀਨਤਾ, ਊਰਜਾ ਅਤੇ ਸਿੱਖਿਆ ’ਚ।’’

ਉਨ੍ਹਾਂ ਕਿਹਾ ਕਿ ਭਾਰਤ ਅਤੇ ਕੈਨੇਡਾ ਵਿਚ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਵੱਡੀ ਸੰਭਾਵਨਾ ਹੈ। ਉਨ੍ਹਾਂ ਕਿਹਾ, ‘‘ਅਸੀਂ ਅਪਣੇ  ਦੁਵਲੇ ਵਪਾਰ ਲਈ 2030 ਤਕ  50 ਅਰਬ ਡਾਲਰ ਦਾ ਟੀਚਾ ਰੱਖਿਆ ਹੈ। ਕੈਨੇਡੀਅਨ ਪੈਨਸ਼ਨ ਫੰਡ ਵੀ ਭਾਰਤੀ ਕੰਪਨੀਆਂ ਵਿਚ ਡੂੰਘੀ ਦਿਲਚਸਪੀ ਵਿਖਾ  ਰਹੇ ਹਨ।’’ ਭਾਰਤ-ਕੈਨੇਡਾ ਦੁਵਲਾ ਵਪਾਰ 2024 ਵਿਚ 30 ਅਰਬ ਡਾਲਰ ਨੂੰ ਪਾਰ ਕਰ ਗਿਆ। 2024 ’ਚ, ਭਾਰਤ ਕੈਨੇਡਾ ਦਾ ਸੱਤਵਾਂ ਸੱਭ ਤੋਂ ਵੱਡਾ ਮਾਲ ਅਤੇ ਸੇਵਾਵਾਂ ਵਪਾਰਕ ਭਾਈਵਾਲ ਸੀ।