ਯੂ.ਕੇ. : ਵਿਆਹ ਲਈ ਇਕੱਠੇ ਕੀਤੇ ਪੈਸੇ ਚੋਰੀ ਕਰਨ ਦੇ ਇਲਜ਼ਾਮ ’ਚ ਮਾਂ-ਪੁੱਤਰ ਨੂੰ ਜੇਲ੍ਹ

ਏਜੰਸੀ

ਖ਼ਬਰਾਂ, ਕੌਮਾਂਤਰੀ

ਨਕਲੀ ਬੰਦੂਕ ਨਾਲ ਡਰਾ ਕੇ ਔਰਤਾਂ ਕੋਲੋਂ ਖੋਹੇ ਸਨ ਪੈਸੇ, ਕਾਰ ਪਛਾਣੀ ਜਾਣ ਕਾਰਨ ਫੜੇ ਗਏ ਮਾਂ-ਪੁੱਤ

Convicted Kalwant Kaur and her son Jung Singh Lankanpal

ਸਾਊਥੈਂਪਟਨ : ਯੂ.ਕੇ. ਦੇ ਸ਼ਹਿਰ ਸਾਊਥੈਂਪਟਨ ’ਚ ਵਿਆਹ ਲਈ ਇਕੱਠੇ ਕੀਤੇ ਗਏ 8,000 ਪੌਂਡ ਚੋਰੀ ਕਰਨ ਦੀ ਸਾਜ਼ਸ਼ ਰਚਣ ਦੇ ਦੋਸ਼ ’ਚ ਮਾਂ-ਪੁੱਤ ਨੂੰ ਜੇਲ ਦੀ ਸਜ਼ਾ ਸੁਣਾਈ ਗਈ ਹੈ। 

ਪੁਲਿਸ ਨੇ ਦਸਿਆ ਕਿ ਇਹ ਘਟਨਾ ਸਤੰਬਰ ਮਹੀਨੇ ’ਚ ਵਾਪਰੀ ਜਦੋਂ ਸਥਾਨਕ ਸਿੱਖ ਭਾਈਚਾਰੇ ਦੀਆਂ ਔਰਤਾਂ ਕਿਸੇ ਕੁੜੀ ਦੇ ਵਿਆਹ ਲਈ ਇਕੱਠੇ ਕੀਤੇ ਪੈਸੇ ਗਿਣ ਰਹੀਆਂ ਸਨ ਜਦੋਂ ਇਕ ਹਥਿਆਰਬੰਦ ਵਿਅਕਤੀ ਸਾਊਥੈਂਪਟਨ ਸਥਿਤ ਘਰ ’ਚ ਦਾਖਲ ਹੋਇਆ ਅਤੇ ਜ਼ਬਰਦਸਤੀ ਨਕਦੀ ਲੈ ਗਿਆ। 

ਯੂਨੀਅਨ ਰੋਡ ਦੀ ਰਹਿਣ ਵਾਲੀ 41 ਸਾਲ ਦੀ ਕੁਲਵੰਤ ਕੌਰ ਨੂੰ ਚੋਰੀ ਦੀ ਸਾਜ਼ਸ਼ ਰਚਣ ਦਾ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਉਸ ਨੂੰ ਸਾਊਥੈਂਪਟਨ ਕ੍ਰਾਊਨ ਕੋਰਟ ਨੇ 15 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਹੈ। ਉਸ ਦੇ ਪੁੱਤਰ ਜੰਗ ਸਿੰਘ ਲਖਨਪਾਲ (22) ਨੂੰ ਇਸੇ ਅਪਰਾਧ ਲਈ 30 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। 

ਅਪਣੀ ਮਾਂ ਨਾਲ ਹੀ ਰਹਿਣ ਵਾਲੇ ਲਖਨਪਾਲ ਨੇ ਵੀ ਨਕਲੀ ਬੰਦੂਕ ਰੱਖਣ ਦੀ ਗੱਲ ਕਬੂਲ ਕੀਤੀ ਹੈ। ਪੁਲਿਸ ਨੇ ਦਸਿਆ ਕਿ 15 ਸਤੰਬਰ ਨੂੰ ਜਾਂਚ ਦੌਰਾਨ ਕਲੋਵੇਲੀ ਰੋਡ ’ਤੇ ਉਨ੍ਹਾਂ ਨੂੰ ਚੋਰੀ ਲਈ ਵਰਤੀ ਗਈ ਇਕ ਕਾਰ ਜਿਸ ਦੀ ਮਾਲਕ ਕੁਲਵੰਤ ਕੌਰ ਨਿਕਲੀ। ਇਸੇ ਆਧਾਰ ’ਤੇ ਦੋਹਾਂ ਨੂੰ ਗ੍ਰਿਫਤਾਰ ਕੀਤਾ ਗਿਆ। 

ਡੇਟ ਕੌਨ ਜੇਸ ਸਵਿਫਟ ਨੇ ਕਿਹਾ, ‘‘ਕੁਲਵੰਤ ਕੌਰ ਅਤੇ ਲਖਨਪਾਲ ਨੇ ਉਨ੍ਹਾਂ ਲੋਕਾਂ ਤੋਂ ਇੰਨੀ ਵੱਡੀ ਰਕਮ ਚੋਰੀ ਕਰਨ ਦਾ ਬੇਰਹਿਮੀ ਵਾਲਾ ਫੈਸਲਾ ਕੀਤਾ ਜਿਸ ਬਾਰੇ ਉਹ ਜਾਣਦੇ ਸਨ, ਇਹ ਪੈਸਾ ਜੋ ਉਨ੍ਹਾਂ ਦੇ ਭਾਈਚਾਰੇ ਦੇ ਲੋਕਾਂ ਦੀ ਮਦਦ ਕਰਨ ਲਈ ਸੀ।’’

ਕੁਲਵੰਤ ਕੌਰ ਨੇ ਅਪਣੇ ਆਪ ਨੂੰ ਇਸ ਅਪਰਾਧ ਦੇ ਗਵਾਹ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰਨ ਦੇ ਬਾਵਜੂਦ, ਇਹ ਜਲਦੀ ਹੀ ਸਥਾਪਤ ਹੋ ਗਿਆ ਕਿ ਉਸ ਨੇ ਇਸ ਚੋਰੀ ਨੂੰ ਅੰਜਾਮ ਦੇਣ ’ਚ ਮਦਦ ਕੀਤੀ ਸੀ। ਜੱਜ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਇਸ ਨਾਲ ਸਥਾਨਕ ਭਾਈਚਾਰੇ ਨੂੰ ਕੁਝ ਭਰੋਸਾ ਮਿਲੇਗਾ ਅਤੇ ਜੋ ਕੁਝ ਹੋਇਆ ਉਸ ਲਈ ਉਨ੍ਹਾਂ ਨੂੰ ਕੁਝ ਨਿਆਂ ਮਿਲੇਗਾ।’’