ਇਮਰਾਨ ਨਾਲ ਮੁਲਾਕਾਤ ਦੌਰਾਨ ਅਮਰੀਕੀ ਸੈਨੇਟਰ ਦਾ ਸੁਰੱਖਿਆ ਕਰਮੀ ਰਿਹਾ ਮੌਜੂਦ, ਪਾਕਿ ਖਫ਼ਾ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਸੀਨੀਅਰ ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਦੀ ਮੁਲਾਕਾਤ ਦੌਰਾਨ ਗ੍ਰਾਹਮ ਦਾ ਇਕ ਨਿੱਜੀ........
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਸੀਨੀਅਰ ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਦੀ ਮੁਲਾਕਾਤ ਦੌਰਾਨ ਗ੍ਰਾਹਮ ਦਾ ਇਕ ਨਿੱਜੀ ਸੁਰੱਖਿਆ ਕਰਚਮਾਰੀ ਮੌਜੂਦ ਰਿਹਾ। ਇਸ ਸੁਰੱਖਿਆ ਅਧਿਕਾਰੀ ਦੀ ਮੌਜੂਦਗੀ ਨੂੰ ਲੈ ਕੇ ਪਾਕਿਸਤਾਨੀ ਸੰਸਦੀ ਪੈਨਲ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ ਅਤੇ ਇਸ ਘਟਨਾਕ੍ਰਮ ਨੂੰ ਦੇਸ਼ ਲਈ ਅਪਮਾਨਜਕ ਦਸਿਆ ਹੈ। ਦਖਣੀ ਕੈਰੋਲੀਨਾ ਦੇ ਰੀਪਬਲਿਕਨ ਸੈਨੇਟਰ ਗ੍ਰਾਹਮ ਨੇ ਐਤਵਾਰ ਨੂੰ ਇਮਰਾਨ ਖ਼ਾਨ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਇਨ੍ਹਾਂ ਖਬਰਾਂ ਦੀ ਪਿੱਠਭੂਮੀ ਵਿਚ ਹੋਈ ਕਿ ਇਸਲਾਮਾਬਾਦ ਦੋ-ਪੱਖੀ ਸੰਬੰਧਾਂ ਵਿਚ ਸੁਧਾਰ ਲਈ ਰਾਸ਼ਟਰਪਤੀ ਡੋਨਾਲਡ ਟਰੰਪ
ਅਤੇ ਇਮਰਾਨ ਖ਼ਾਨ ਦੀ ਮੁਲਾਕਾਤ ਲਈ ਅਤੇ ਗੁਆਂਢੀ ਅਫ਼ਗਾਨਿਸਤਾਨ ਵਿਚ ਤਾਲਿਬਾਨ ਨਾਲ ਬੀਤੇ 17 ਸਾਲ ਤੋਂ ਚੱਲ ਰਹੇ ਯੁੱਧ ਦੇ ਅੰਤ ਲਈ ਦੁਬਾਰਾ ਗੱਲਬਾਤ ਸ਼ੁਰੂ ਕਰਨ ਦੇ ਉਦੇਸ਼ ਨਾਲ ਦਬਾਅ ਬਣਾ ਰਿਹਾ ਹੈ। ਇਕ ਅੰਗਰੇਜ਼ੀ ਅਖਬਾਰ ਵਿਚ ਮੰਗਲਵਾਰ ਨੂੰ ਪ੍ਰਕਾਸ਼ਿਤ ਖ਼ਬਰ ਮੁਤਾਬਕ ਘਰੇਲੂ ਮਾਮਲਿਆਂ ਦੀ ਸੈਨੇਟ ਦੀ ਸਥਾਈ ਕਮੇਟੀ ਦੇ ਪ੍ਰਧਾਨ ਅਤੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਕਿਹਾ ਕਿ ਮੈਂਬਰ ਜਾਣਨਾ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਗ੍ਰਾਹਮ ਦੀ ਮੁਲਾਕਾਤ ਦੌਰਾਨ ਉਨ੍ਹਾਂ ਦੇ ਸੁਰੱਖਿਆ ਅਧਿਕਾਰੀ ਨੂੰ ਉੱਥੇ ਮੌਜੂਦ ਰਹਿਣ ਦੀ ਇਜਾਜ਼ਤ ਕਿਉਂ ਦਿਤੀ ਗਈ। (ਪੀਟੀਆਈ)
ਮਲਿਕ ਨੇ ਗ੍ਰਹਿ ਸਕੱਤਰ ਨੂੰ ਇਸ ਮਾਮਲੇ ਵਿਚ ਵਿਸਤ੍ਰਿਤ ਰੀਪੋਰਟ ਸੌਂਪਣ ਦਾ ਆਦੇਸ਼ ਦਿਤਾ ਹੈ। (ਪੀਟੀਆਈ)