US F1 Visa: ਅਮਰੀਕਾ ’ਚ ਰਹਿੰਦੇ ਭਾਰਤੀ ਵਿਦਿਆਰਥੀਆਂ ’ਚ ਦਹਿਸ਼ਤ! ਵੀਜ਼ਾ ਨੀਤੀ ਵਿਚ ਬਦਲਾਅ ਤੋਂ ਬਾਅਦ ਛੱਡ ਰਹੇ ਪਾਰਟ ਟਾਈਮ ਨੌਕਰੀਆਂ 

ਏਜੰਸੀ

ਖ਼ਬਰਾਂ, ਕੌਮਾਂਤਰੀ

US F1 Visa: ਭਾਰਤੀ ਵਿਦਿਆਰਥੀ ਦੇਸ਼ ਨਿਕਾਲੇ ਜਾਂ ਅਪਣਾ ਐਫ਼1 ਵੀਜ਼ਾ ਗੁਆਉਣ ਦੇ ਡਰੋਂ ਕੰਮ ਛੱਡਣ ਲਈ ਹੋਏ ਮਜਬੂਰ

Panic among Indian students living in the US!

 

US F1 Visa: ਅਮਰੀਕਾ ਵਿਚ ਬਹੁਤ ਸਾਰੇ ਭਾਰਤੀ ਵਿਦਿਆਰਥੀ ਆਪਣੀਆਂ ਪਾਰਟ-ਟਾਈਮ ਨੌਕਰੀਆਂ ਛੱਡਣ ਲਈ ਮਜਬੂਰ ਹੋਏ ਹਨ। ਇਹ ਵਿਦਿਆਰਥੀ, ਜੋ ਪਹਿਲਾਂ ਰੈਸਟੋਰੈਂਟਾਂ, ਗੈਸ ਸਟੇਸ਼ਨਾਂ ਅਤੇ ਦੁਕਾਨਾਂ ਵਿਚ ਬਿਨਾਂ ਦਸਤਾਵੇਜ਼ ਦੇ ਕੰਮ ਕਰਦੇ ਸਨ, ਹੁਣ ਦੇਸ਼ ਨਿਕਾਲੇ ਜਾਂ ਅਪਣਾ ਐਫ਼1 ਵੀਜ਼ਾ ਗੁਆਉਣ ਦੇ ਡਰੋਂ ਕੰਮ ਛੱਡਣ ਲਈ ਮਜਬੂਰ ਹੋ ਗਏ ਹਨ।

ਅਮਰੀਕਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਐਫ਼-1 ਵੀਜ਼ਾ ਤਹਿਤ ਹਫ਼ਤੇ ਵਿਚ ਵੱਧ ਤੋਂ ਵੱਧ 20 ਘੰਟੇ ਕੈਂਪਸ ਵਿਚ ਕੰਮ ਕਰਨ ਦੀ ਇਜਾਜ਼ਤ ਹੈ। ਹਾਲਾਂਕਿ, ਬਹੁਤ ਸਾਰੇ ਵਿਦਿਆਰਥੀ ਅਪਣੀ ਪੜ੍ਹਾਈ ਦੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਕੈਂਪਸ ਤੋਂ ਬਾਹਰ ਕੰਮ ਕਰਦੇ ਹਨ। ਜੋ ਗ਼ੈਰ-ਦਸਤਾਵੇਜ਼ੀ ਹੁੰਦਾ ਹੈ। ਇਹ ਕੰਮ ਉਨ੍ਹਾਂ ਦੇ ਕਿਰਾਏ, ਭੋਜਨ ਅਤੇ ਹੋਰ ਲੋੜਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਹੈ।

ਹੁਣ ਡੋਨਾਲਡ ਟਰੰਪ ਪ੍ਰਸ਼ਾਸਨ ਵਲੋਂ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਲਾਗੂ ਕਰਨ ਦੇ ਸੰਕੇਤਾਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਡਰਾ ਦਿਤਾ ਹੈ। ਨਵੇਂ ਪ੍ਰਸ਼ਾਸਨ ਦੇ ਚਲਦਿਆਂ ਵਿਦਿਆਰਥੀਆਂ ਵਿਚ ਡਰ ਦਾ ਮਾਹੌਲ ਹੈ। ਉਨ੍ਹਾਂ ਨੂੰ ਅਪਣੇ ਗ਼ੈਰ-ਕਾਨੂੰਨੀ ਕੰਮ ਕਰ ਕੇ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਂ ਉਹ ਅਪਣਾ ਵਿਦਿਆਰਥੀ ਵੀਜ਼ਾ ਗੁਆ ਸਕਦੇ ਹਨ।

ਇਲੀਨੋਇਸ ਦੀ ਇਕ ਯੂਨੀਵਰਸਿਟੀ ਵਿਚ ਪੜ੍ਹ ਰਹੇ ਇਕ ਵਿਦਿਆਰਥੀ ਨੇ ਦਸਿਆ ਕਿ ਕਾਲਜ ਤੋਂ ਬਾਅਦ ਮੈਂ ਇਕ ਛੋਟੇ ਕੈਫ਼ੇ ਵਿਚ ਕੰਮ ਕਰਦਾ ਸੀ ਅਤੇ ਹਰ ਰੋਜ਼ ਛੇ ਘੰਟੇ ਕੰਮ ਕਰ ਕੇ 7 ਡਾਲਰ ਪ੍ਰਤੀ ਘੰਟਾ ਕਮਾਉਂਦਾ ਸੀ। ਇਹ ਮੇਰੇ ਲਈ ਬਹੁਤ ਸੀ। ਪਰ ਜਦੋਂ ਮੈਂ ਸੁਣਿਆ ਕਿ ਇਮੀਗ੍ਰੇਸ਼ਨ ਅਧਿਕਾਰੀ ਗ਼ੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ’ਤੇ ਸ਼ਿਕੰਜਾ ਕੱਸ ਸਕਦੇ ਹਨ, ਤਾਂ ਮੈਂ ਤੁਰਤ ਨੌਕਰੀ ਛੱਡ ਦਿਤੀ। ਉਸ ਨੇ ਕਿਹਾ ‘ਮੈਂ ਇੱਥੇ ਪੜ੍ਹਨ ਲਈ 50,000 ਡਾਲਰ ਉਧਾਰ ਲਏ ਹਨ ਅਤੇ ਮੈਂ ਅਪਣੇ ਭਵਿੱਖ ਨੂੰ ਜੋਖ਼ਮ ਵਿਚ ਨਹੀਂ ਪਾ ਸਕਦਾ।’

ਇਸੇ ਤਰ੍ਹਾਂ ਨਿਊਯਾਰਕ ਵਿਚ ਇਕ ਮਾਸਟਰ ਦੇ ਵਿਦਿਆਰਥੀ ਨੇ ਵੀ ਕਿਹਾ ਕਿ ਮੈਂ ਅਤੇ ਮੇਰੇ ਦੋਸਤਾਂ ਨੇ ਹੁਣ ਕੰਮ ਕਰਨਾ ਬੰਦ ਕਰ ਦਿਤਾ ਹੈ। ‘ਇਹ ਸਾਡੇ ਲਈ ਬਹੁਤ ਮੁਸ਼ਕਲ ਫ਼ੈਸਲਾ ਹੈ, ਪਰ ਅਸੀਂ ਦੇਸ਼ ਨਿਕਾਲੇ ਜਾਂ ਵੀਜ਼ਾ ਗੁਆਉਣ ਦਾ ਜੋਖ਼ਮ ਨਹੀਂ ਲੈ ਸਕਦੇ।’