ਸੁੂਡਾਨ 'ਚ ਸੋਸ਼ਲ ਮੀਡੀਆ 'ਤੇ ਅਸਥਾਈ ਤੌਰ 'ਤੇ ਲੱਗੀ ਪਾਬੰਦੀ
ਦੱਖਣੀ ਸੂਡਾਨੀ ਨਾਗਰਿਕਾਂ ਵਿਰੁਧ ਚੱਲ ਰਹੀ ਹਿੰਸਾ ਨਾਲ ਸਬੰਧਤ ਵੀਡੀਉ ਸਮੱਗਰੀ ਦੇ ਫੈਲਣ ’ਤੇ ਚਿੰਤਾਵਾਂ ਦਾ ਦਿੱਤਾ ਹਵਾਲਾ
ਜੁਬਾ : ਸੂਡਾਨ ਵਿਚ ਦੱਖਣੀ ਸੂਡਾਨੀ ਨਾਗਰਿਕਾਂ ਵਿਰੁਧ ਚੱਲ ਰਹੀ ਹਿੰਸਾ ਨਾਲ ਸਬੰਧਤ ਵੀਡੀਉ ਸਮੱਗਰੀ ਦੇ ਫੈਲਣ ’ਤੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਦੱਖਣੀ ਸੂਡਾਨੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੂਰਸੰਚਾਰ ਵਿਭਾਗ ਨੂੰ 30 ਦਿਨਾਂ ਲਈ ਸੋਸ਼ਲ ਮੀਡੀਆ ਨੂੰ ਬਲਾਕ ਕਰਨ ਦਾ ਹੁਕਮ ਦਿਤਾ।
ਨੈਸ਼ਨਲ ਕਮਿਊਨੀਕੇਸ਼ਨ ਅਥਾਰਟੀ (ਐਨ.ਸੀ.ਏ) ਵਲੋਂ ਦੂਰਸੰਚਾਰ ਕੰਪਨੀਆਂ ਨੂੰ ਦਿਤੇ ਗਏ ਨਿਰਦੇਸ਼ਾਂ ਅਨੁਸਾਰ ਇਹ ਅਸਥਾਈ ਪਾਬੰਦੀ ਵੀਰਵਾਰ ਅੱਧੀ ਰਾਤ ਤੋਂ ਲਾਗੂ ਹੋਵੇਗੀ। ਇਸਨੂੰ 90 ਦਿਨਾਂ ਤਕ ਵਧਾਇਆ ਜਾ ਸਕਦਾ ਹੈ। ਨਿਰਦੇਸ਼ ਇਸ ਗੱਲ ’ਤੇ ਜ਼ੋਰ ਦਿੰਦਾ ਹੈ ਕਿ ਇਹ ਕਦਮ ਜਨਤਾ ਦੀ ਸੁਰੱਖਿਆ ਲਈ ਜ਼ਰੂਰੀ ਹੈ।
ਐਨ.ਸੀ.ਏ ਨੇ ਕਿਹਾ, ‘ਸਥਿਤੀ ਕਾਬੂ ਵਿਚ ਆਉਣ ਤੋਂ ਬਾਅਦ ਪਾਬੰਦੀ ਹਟਾਈ ਜਾ ਸਕਦੀ ਹੈ। ਇਹ ਪ੍ਰਸਾਰਣ ਸਮੱਗਰੀ ਸਾਡੇ ਸਥਾਨਕ ਕਾਨੂੰਨਾਂ ਦੀ ਉਲੰਘਣਾ ਕਰਦੀ ਹੈ ਅਤੇ ਜਨਤਕ ਸੁਰੱਖਿਆ ਅਤੇ ਮਾਨਸਿਕ ਸਿਹਤ ਲਈ ਗੰਭੀਰ ਖ਼ਤਰਾ ਪੈਦਾ ਕਰਦੀ ਹੈ।’
ਗੇਜ਼ੀਰਾ ਰਾਜ ਵਿਚ ਸਥਾਨਕ ਲੜਾਕਿਆਂ ਦੁਆਰਾ ਦੱਖਣੀ ਸੁਡਾਨੀਆਂ ਦੀ ਹਤਿਆ ਨੂੰ ਦਰਸਾਉਂਦੀ ਵੀਡੀਉ ਫ਼ੁਟੇਜ ਸਾਹਮਣੇ ਆਉਣ ਤੋਂ ਬਾਅਦ ਦੱਖਣੀ ਸੂਡਾਨ ਦੇ ਲੋਕਾਂ ਵਿਚ ਗੁੱਸਾ ਹੈ। ਦੱਖਣੀ ਸੂਡਾਨੀ ਅਧਿਕਾਰੀਆਂ ਨੇ ਸੂਡਾਨੀ ਵਪਾਰੀਆਂ ਦੀਆਂ ਦੁਕਾਨਾਂ ਲੁੱਟਣ ਤੋਂ ਬਾਅਦ ਰਾਤ ਭਰ ਭੜਕੀ ਜਵਾਬੀ ਹਿੰਸਾ ਤੋਂ ਬਾਅਦ ਸ਼ਾਮ ਤੋਂ ਸਵੇਰ ਤਕ ਕਰਫ਼ਿਊ ਲਗਾ ਦਿਤਾ।
ਅਫ਼ਰੀਕੀ ਯੂਨੀਅਨ ਕਮਿਸ਼ਨ ਦੀ ਚੇਅਰਪਰਸਨ ਮੂਸਾ ਫਾਕੀ ਮਹਾਮਤ ਨੇ ਸੂਡਾਨ ਵਿਚ ਦੱਖਣੀ ਸੂਡਾਨੀ ਨਾਗਰਿਕਾਂ ਦੀਆਂ ਬੇਰਹਿਮ ਹਤਿਆਵਾਂ ਦੀ ਨਿੰਦਾ ਕੀਤੀ ਅਤੇ ਲੋਕਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ। ਸੂਡਾਨ ਵਿਚ ਚੱਲ ਰਹੇ ਘਰੇਲੂ ਯੁੱਧ ਨੇ ਅਕਾਲ ਅਤੇ ਦੁਨੀਆਂ ਦਾ ਹੁਣ ਤਕ ਦਾ ਸੱਭ ਤੋਂ ਵੱਡਾ ਵਿਸਥਾਪਨ ਸੰਕਟ ਪੈਦਾ ਕਰ ਦਿਤਾ ਹੈ। ਵਿਰੋਧੀ ਫ਼ੌਜੀ ਆਗੂਆਂ ਦੀਆਂ ਫ਼ੌਜਾਂ ਵਿਚਕਾਰ ਲੜਾਈ ਅਪ੍ਰੈਲ 2023 ਵਿਚ ਰਾਜਧਾਨੀ ਖਾਰਤੂਮ ਵਿਚ ਸ਼ੁਰੂ ਹੋਈ ਸੀ ਅਤੇ ਉਦੋਂ ਤੋਂ ਇਹ ਦੂਜੇ ਖੇਤਰਾਂ ਵਿਚ ਫੈਲ ਗਈ ਹੈ। (ਏਜੰਸੀ)