ਅਮਰੀਕਾ ਦੀ ‘ਆਈਸ' ਦਾ ਦਿਲ ਹੋਇਆ ਬਰਫ਼, ਸਕੂਲੋਂ ਘਰ ਪਰਤ ਰਿਹਾ 5 ਸਾਲਾ ਬੱਚਾ ਹਿਰਾਸਤ
ਨਾਟਕੀ ਅੰਦਾਜ਼ 'ਚ ਬਾਪ ਨੂੰ ਗ੍ਰਿਫ਼ਤਾਰ ਕਰ ਦੋਹਾਂ ਨੂੰ ਨਜ਼ਰਬੰਦੀ ਕੇਂਦਰ ਭੇਜਿਆ, ਤਿੰਨ ਹਫ਼ਤਿਆਂ 'ਚ 3000 ਪ੍ਰਵਾਸੀਆਂ ਦੀਆਂ ਗਿ੍ਰਫ਼ਤਾਰੀਆਂ ਵਿਚੋਂ 400 ਬੱਚੇ ਵੀ ਸ਼ਾਮਲ
ਮਿਨੀਸੋਟਾ: ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ (ਆਈਸ) ਏਜੰਟਾਂ ਨੇ ਕੋਲੰਬੀਆ ਹਾਈਟਸ, ਮਿਨੀਸੋਟਾ ਵਿਚ ਸਕੂਲੋਂ ਘਰ ਪਰਤੇ ਰਹੇ 5 ਸਾਲਾ ਲੜਕੇ ਲੀਅਮ ਕੋਨੇਜੋ ਰਾਮੋਸ ਨੂੰ ਹਿਰਾਸਤ ਵਿਚ ਲੈ ਲਿਆ ਤੇ ਬਾਅਦ ਵਿਚ ਉਸ ਦੇ ਪਿਤਾ ਨੂੰ ਵੀ ਹਿਰਾਸਤ ਵਿਚ ਲੈ ਕੇ ਟੈਕਸਾਸ ਦੇ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ ਭੇਜ ਦਿਤਾ। ਲੀਅਮ ਦੇ ਸਕੂਲ ਸੁਪਰਡੈਂਟ, ਜੇਨਾ ਸਟੈਨਵਿਕ ਨੇ ਕਿਹਾ, ‘‘ਏਜੰਟ ਨੇ ਬੱਚੇ ਨੂੰ ਚਲਦੀ ਕਾਰ ਵਿਚੋਂ ਬਾਹਰ ਕਢਿਆ।
ਫਿਰ ਉਨ੍ਹਾਂ ਨੇ ਉਸ ਨੂੰ ਘਰ ਦਾ ਦਰਵਾਜ਼ਾ ਖੜਕਾਉਣ ਲਈ ਕਿਹਾ ਤਾਂ ਘਰ ਅੰਦਰ ਮੌਜੂਦ ਉਸ ਦੇ ਮਾਪਿਆਂ ਨੂੰ ਬਾਹਰ ਕੱਢਿਆ ਜਾ ਸਕੇ।’’ ਜੇਨਾ ਨੇ ਇਸ ਨੂੰ ਇਕ ਬੱਚੇ ਨਾਲ ਅਜਿਹਾ ਕਰਨਾ ਧੋਖਾ ਦਸਿਆ। ਉਨ੍ਹਾਂ ਕਿਹਾ ਕਿ ਬੱਚਾ ਕੋਈ ਅਪਰਾਧੀ ਨਹੀਂ ਹੈ। ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਮਿਨੀਆਪੋਲਿਸ ਦੇ ਆਗੂਆਂ ਨਾਲ ਮੀਟਿੰਗ ਦੌਰਾਨ ਕਿਹਾ, ‘‘ਬੱਚੇ ਨੂੰ ਸਿਰਫ਼ ਹਿਰਾਸਤ ਵਿਚ ਲਿਆ ਗਿਆ ਸੀ, ਗ੍ਰਿਫ਼ਤਾਰ ਨਹੀਂ ਕੀਤਾ ਗਿਆ।’’
ਵੈਂਸ ਨੇ ਕਿਹਾ ਕਿ ਏਜੰਟ ਬੱਚੇ ਨੂੰ ਠੰਢ ਵਿਚ ਨਹੀਂ ਛੱਡ ਸਕਦੇ ਸਨ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨਾ ਜ਼ਰੂਰੀ ਸੀ। ਜ਼ਿਕਰਯੋਗ ਹੈ ਕਿ ਮਿਨੀਸੋਟਾ ਵਿਚ 6 ਹਫ਼ਤਿਆਂ ਦੌਰਾਨ 3,000 ਗ੍ਰਿਫ਼ਤਾਰੀਆਂ ਹੋਈਆਂ ਹਨ, ਜਿਨ੍ਹਾਂ ਵਿਚ 400 ਬੱਚੇ ਵੀ ਸ਼ਾਮਲ ਹਨ। ਲਿਆਮ ਅਪਣੇ ਸਕੂਲ ਜ਼ਿਲ੍ਹੇ ਦਾ ਚੌਥਾ ਵਿਦਿਆਰਥੀ ਹੈ ਜਿਸ ਨੂੰ ਆਈਸ ਨੇ ਹਿਰਾਸਤ ਵਿਚ ਲਿਆ ਹੈ।
ਸਕੂਲ ਅਧਿਕਾਰੀਆਂ ਅਤੇ ਪਰਵਾਰ ਦੇ ਵਕੀਲ ਅਨੁਸਾਰ ਪਰਿਵਾਰ 2024 ਵਿਚ ਇਕਵਾਡੋਰ ਤੋਂ ਅਮਰੀਕਾ ਆਇਆ ਸੀ। ਉਨ੍ਹਾਂ ਨੂੰ ਸ਼ਰਣ ਦੇ ਮਾਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇਣ ਦਾ ਕੋਈ ਹੁਕਮ ਨਹੀਂ ਸੀ। ਚਿਲਡਰਨ ਰਾਈਟਸ ਸੈਂਟਰ ਦੀ ਲੀਸੀਆ ਵੈਲਚ ਨੇ ਹਿਰਾਸਤ ਕੇਂਦਰ ਦਾ ਦੌਰਾ ਕੀਤਾ।
ਉਨ੍ਹਾਂ ਕਿਹਾ ਕਿ ਉਥੇ ਬੱਚਿਆਂ ਦੀ ਗਿਣਤੀ ਵਧੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਬੱਚੇ ਬਿਮਾਰ, ਕੁਪੋਸ਼ਤ ਅਤੇ ਗੰਭੀਰ ਦਰਦ ਵਿਚ ਹਨ। ਮੈਕਲਾਫਲਿਨ ਨੇ ਸਫ਼ਾਈ ਦਿਤੀ ਕਿ ਆਈਸ ਨੇ ਬੱਚੇ ਨੂੰ ਨਿਸ਼ਾਨਾ ਨਹੀਂ ਬਣਾਇਆ, ਸਗੋਂ ਉਸ ਦੇ ਪਿਤਾ ਐਡਰੀਅਨ ਨੂੰ ਗ੍ਰਿਫ਼ਤਾਰ ਕੀਤਾ ਸੀ। ਬੱਚੇ ਦੀ ਸੁਰੱਖਿਆ ਲਈ ਉਸ ਨੂੰ ਨਾਲ ਲਿਆਂਦਾ। ਜ਼ਿਕਰਯੋਗ ਹੈ ਕਿ ਗ੍ਰਿਫ਼ਤਾਰੀਆਂ ਨੇ ਸਕੂਲਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿਤਾ ਹੈ। ਕੋਲੰਬੀਆ ਹਾਈਟਸ ਪਬਲਿਕ ਸਕੂਲ ਵਿਚ ਪ੍ਰੀ-ਕੇ ਤੋਂ 12ਵੀਂ ਜਮਾਤ ਤਕ ਲਗਭਗ 3,400 ਵਿਦਿਆਰਥੀ ਹਨ। ਜ਼ਿਆਦਾਤਰ ਵਿਦਿਆਰਥੀ ਪ੍ਰਵਾਸੀ ਪਰਵਾਰਾਂ ਤੋਂ ਹਨ। ਸਕੂਲ ਸੁਪਰਡੈਂਟ ਸਟੈਨਵਿਕ ਅਨੁਸਾਰ ਪਿਛਲੇ ਦੋ ਹਫ਼ਤਿਆਂ ਵਿਚ ਸਕੂਲ ਦੀ ਹਾਜ਼ਰੀ ਵਿਚ ਕਾਫ਼ੀ ਗਿਰਾਵਟ ਆਈ ਹੈ।
ਉਨ੍ਹਾਂ ਦਾ ਦੋਸ਼ ਹੈ ਕਿ ਆਈਸ ਏਜੰਟ ਸਕੂਲਾਂ ਵਿਚ ਗਸ਼ਤ ਕਰ ਰਹੇ ਹਨ, ਬੱਸਾਂ ਦਾ ਪਿਛਾ ਕਰ ਰਹੇ ਹਨ, ਅਤੇ ਬੱਚਿਆਂ ਨੂੰ ਚੁੱਕ ਰਹੇ ਹਨ। ਦੱਖਣੀ ਟੈਕਸਾਸ ਫੈਮਿਲੀ ਰੈਜ਼ੀਡੈਂਸ਼ੀਅਲ ਸੈਂਟਰ ਸੰਯੁਕਤ ਰਾਜ ਅਮਰੀਕਾ ਦਾ ਸਭ ਤੋਂ ਵੱਡਾ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ ਹੈ। ਇਹ ਡਿਲੀ, ਟੈਕਸਾਸ ਵਿਚ ਸਥਿਤ ਹੈ। ਇਹ ਮੁੱਖ ਤੌਰ ’ਤੇ ਔਰਤਾਂ ਅਤੇ ਬੱਚਿਆਂ ਨੂੰ ਹਿਰਾਸਤ ਵਿਚ ਰੱਖਣ ਲਈ ਤਿਆਰ ਕੀਤਾ ਗਿਆ ਹੈ। ਟਰੰਪ ਪ੍ਰਸ਼ਾਸਨ ਨੇ ਮਿਨੀਸੋਟਾ ਦੇ ਮਿਨੀਆਪੋਲਿਸ ਖੇਤਰ ਵਿਚ ਲਗਭਗ 3,000 ਅਧਿਕਾਰੀ ਤਾਇਨਾਤ ਕੀਤੇ ਹਨ। ਡੋਨਾਲਡ ਟਰੰਪ ਨੇ 2025 ਵਿਚ ਅਹੁਦਾ ਸੰਭਾਲਣ ਤੋਂ ਬਾਅਦ ਗੈਰ-ਕਾਨੂੰਨੀ ਪ੍ਰਵਾਸੀਆਂ ’ਤੇ ਵੱਡੇ ਪੱਧਰ ’ਤੇ ਕਾਰਵਾਈ ਸ਼ੁਰੂ ਕੀਤੀ ਹੈ। ਇਹ ਏਜੰਟ ਹਜ਼ਾਰਾਂ ਲੋਕਾਂ ਨੂੰ ਗ੍ਰਿਫ਼ਤਾਰ ਕਰ ਰਹੇ ਹਨ, ਜਿਸ ਨੂੰ ਸਥਾਨਕ ਲੋਕ ਘਿਣਾਉਣਾ ਮੰਨਦੇ ਹਨ। ਆਈਸ ਸੰਯੁਕਤ ਰਾਜ ਅਮਰੀਕਾ ਵਿਚ ਸੰਘੀ ਏਜੰਸੀ ਹੈ ਜੋ ਗੈਰ-ਕਾਨੂੰਨੀ ਇਮੀਗ੍ਰੇਸ਼ਨ ਰੋਕਦੀ ਹੈ, ਦੇਸ਼ ਨਿਕਾਲਾ ਦਿੰਦੀ ਹੈ ਅਤੇ ਸਰਹੱਦ ਪਾਰ ਅਪਰਾਧਾਂ ’ਤੇ ਮੁਕੱਦਮਾ ਚਲਾਉਂਦੀ ਹੈ। ਇਹ ਗ੍ਰਹਿ ਸੁਰੱਖਿਆ ਵਿਭਾਗ ਦੇ ਅਧੀਨ ਕੰਮ ਕਰਦੀ ਹੈ। (ਏਜੰਸੀ)
ਏਜੰਸੀ ਛੋਟੇ ਬੱਚਿਆਂ ਨੂੰ ਵਰਤ ਰਹੀ ਹੈ : ਹੈਰਿਸ
ਅਮਰੀਕਾ ਦੀ ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਬੱਚੇ ਦੀ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ ਹੈ। ਹੈਰਿਸ ਨੇ ਇੰਸਟਾਗ੍ਰਾਮ ’ਤੇ ਲਿਆਮ ਦੀ ਫੋਟੋ ਸਾਂਝੀ ਕਰਦਿਆਂ ਲਿਖਿਆ ਕਿ ਲਿਆਮ ਸਿਰਫ਼ ਬੱਚਾ ਹੈ ਅਤੇ ਉਸ ਨੂੰ ਅਪਣੇ ਪਰਵਾਰ ਨਾਲ ਘਰ ਵਿਚ ਹੋਣਾ ਚਾਹੀਦਾ ਹੈ, ਨਾ ਕਿ ਕਿਸੇ ਇਮੀਗ੍ਰੇਸ਼ਨ ਏਜੰਸੀ ਹਿਰਾਸਤ ਕੇਂਦਰ ਵਿਚ। ਏਜੰਸੀ ਬੱਚੇ ਨੂੰ ਚੋਗੇ ਵਾਂਗ ਵਰਤ ਰਹੀ ਹੈ।