ਭਾਰਤ-ਪਾਕਿ ਰਿਸ਼ਤੇ ਅਤਿ ਦੇ ਮਾੜੇ ਦੌਰ ਵਿਚ : ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਹੁਤ ਸਮੱਸਿਆਵਾਂ ਹਨ........

Donald Trump

ਵਾਸ਼ਿੰਗਟਨ  : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਹੁਤ ਸਮੱਸਿਆਵਾਂ ਹਨ ਅਤੇ ਪੁਲਵਾਮਾ ਅਤਿਵਾਦੀ ਹਮਲੇ ਮਗਰੋਂ ਭਾਰਤ ਕੋਈ ਪੱਕਾ ਫ਼ੈਸਲਾ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਭਾਰਤ ਨੇ ਪੁਲਵਾਮਾ ਹਮਲੇ ਮਗਰੋਂ ਪਾਕਿਸਤਾਨ ਵਿਰੁਧ ਵੱਡਾ ਕੂਟਨੀਤਕ ਹਮਲਾ ਕਰਦਿਆਂ ਅਤਿਵਾਦ ਨੂੰ ਸ਼ਹਿ ਦੇਣ ਵਿਚ ਪਾਕਿਸਤਾਨ ਦੀ ਭੂਮਿਕਾ ਦਾ ਪਰਦਾ ਫ਼ਾਸ਼ ਕੀਤਾ ਹੈ। ਇਸ ਤੋਂ ਇਲਾਵਾ ਅਮਰੀਕਾ ਦੀ ਅਗਵਾਈ ਵਿਚ ਅੰਤਰਰਾਸ਼ਟਰੀ ਭਾਈਚਾਰੇ ਨੇ ਪਾਕਿਸਤਾਨ 'ਤੇ ਦਬਾਅ ਪਾਇਆ

ਕਿ ਉਹ ਅਪਣੀ ਜ਼ਮੀਨ ਨੂੰ ਅਤਿਵਾਦੀ ਜਥੇਬੰਦੀਆਂ ਦੀ ਸੁਰੱਖਿਅਤ ਪਨਾਹਗਾਹ ਬਣਨ ਤੋਂ ਰੋਕੇ ਅਤੇ ਪੁਲਵਾਮਾ ਹਮਲੇ ਦੋਸ਼ੀਆਂ ਵਿਰੁਧ ਕਾਰਵਾਈ ਕਰੇ। 
ਟਰੰਪ ਨੇ ਓਵਲ ਆਫ਼ਿਸ ਵਿਚ ਪੱਤਰਕਾਰਾਂ ਨੂੰ ਕਿਹਾ, 'ਇਸ ਸਮੇਂ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਕਾਫ਼ੀ ਖ਼ਰਾਬ ਹਨ। ਇਹ ਬੇਹੱਦ ਖ਼ਤਰਨਾਕ ਹਾਲਤ ਹੈ। ਅਸੀਂ ਚਾਹਾਂਗੇ ਕਿ ਉਹ ਦੁਸ਼ਮਣੀ ਖ਼ਤਮ ਕਰਨ। ਕਈ ਲੋਕ ਮਾਰੇ ਗਏ ਹਨ। ਅਸੀਂ ਇਸ ਨੂੰ ਬੰਦ ਹੁੰਦਾ ਵੇਖਣਾ ਚਾਹੁੰਦੇ ਹਾਂ। ਅਸੀਂ ਇਸ ਕਵਾਇਦ ਵਿਚ ਕਾਫ਼ੀ ਹੱਦ ਤਕ ਸ਼ਾਮਲ ਹਾਂ।' ਰਾਸ਼ਟਰਪਤੀ ਨੇ ਹਮਲੇ ਕਾਰਨ ਭਾਰਤ ਦੀ ਮਜ਼ਬੂਤ ਪ੍ਰਤੀਕਿਰਿਆ ਦੀ ਸੰਭਾਵਨਾ ਦਾ ਜ਼ਿਕਰ ਕੀਤਾ।

ਟਰੰਪ ਨੇ ਕਿਹਾ, 'ਭਾਰਤ ਕਿਸੇ ਪੱਕੇ ਫ਼ੈਸਲੇ ਬਾਰੇ ਵਿਚਾਰ ਕਰ ਰਿਹਾ ਹੈ। ਭਾਰਤ ਨੇ ਹਮਲੇ ਵਿਚ 50 ਲੋਕ ਗਵਾਏ ਹਨ। ਮੈਂ ਵੀ ਇਸ ਗੱਲ ਨੂੰ ਸਮਝ ਸਕਦਾ ਹਾਂ।' 
ਉਨ੍ਹਾਂ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਨਾਲ ਗੱਲ ਕਰ ਰਿਹਾ ਹੈ। ਉਨ੍ਹਾਂ ਕਿਹਾ, 'ਅਸੀਂ ਗੱਲ ਕਰ ਰਹੇ ਹਾਂ। ਇਹ ਬਹੁਤ ਹੀ ਨਾਜ਼ੁਕ ਸੰਤੁਲਨ ਹੋਵੇਗਾ। ਜੋ ਕੁੱਝ ਹੋਇਆ ਹੈ, ਉਸ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਹੁਤ ਸਾਰੀਆਂ ਸਮੱਸਿਆਵਾਂ ਹਨ।

ਮੈਂ ਪਾਕਿਸਤਾਨ ਨੂੰ 1.3 ਅਰਬ ਅਮਰੀਕੀ ਡਾਲਰ ਦੀ ਸਹਾਇਤਾ ਰਾਸ਼ੀ ਦਾ ਭੁਗਤਾਨ ਕਰਨਾ ਬੰਦ ਕਰ ਦਿਤਾ ਜੋ ਅਸੀਂ ਉਸ ਨੂੰ ਦਿੰਦੇ ਹੁੰਦੇ ਸੀ। ਪਾਕਿਸਤਾਨ ਨੇ ਹੋਰ ਅਮਰੀਕੀ ਰਾਸ਼ਟਰਪਤੀ ਸਮੇਂ ਅਮਰੀਕਾ ਤੋਂ ਕਾਫ਼ੀ ਫ਼ਾਇਦਾ ਲਿਆ ਹੈ। ਅਸੀਂ ਭੁਗਤਾਨ ਰੋਕ ਦਿਤਾ ਕਿਉਂਕਿ ਉਹ ਉਸ ਤਰ੍ਹਾਂ ਸਾਡੀ ਮਦਦ ਨਹੀਂ ਕਰ ਰਹੇ ਸਨ ਜਿਵੇਂ ਕਰਨੀ ਚਾਹੀਦੀ ਸੀ।'       (ਏਜੰਸੀ)