ਯੂਕਰੇਨ ਤੋਂ ਵਾਪਸ ਪਰਤੇ 182 ਭਾਰਤੀ, UIA ਦੀ ਵਿਸ਼ੇਸ਼ ਉਡਾਣ ਜਰੀਏ ਦਿੱਲੀ ਹਵਾਈ ਅੱਡੇ ਪਹੁੰਚੇ
ਮੰਨਿਆ ਜਾ ਰਿਹਾ ਹੈ ਕਿ ਸੈਂਕੜੇ ਭਾਰਤੀ ਅਜੇ ਵੀ ਉਥੇ ਫਸੇ ਹੋਏ ਹਨ
ਕੀਵ - ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਬਣਿਆ ਹੋਇਆ ਹੈ ਅਤੇ ਹੁਣ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਫੌਜੀ ਕਾਰਵਾਈ ਦਾ ਆਦੇਸ਼ ਦੇ ਦਿੱਤਾ ਹੈ ਹਾਲਾਂਕਿ, ਰੂਸ ਦੇ ਲਗਾਤਾਰ ਹਮਲਾਵਰ ਰਵੱਈਏ ਦੇ ਵਿਚਕਾਰ ਵੱਡੀ ਗਿਣਤੀ ਵਿਚ ਭਾਰਤੀ ਅਜੇ ਵੀ ਯੂਕਰੇਨ ਵਿਚ ਫਸੇ ਹੋਏ ਹਨ ਅਤੇ ਉਹ ਸਰਕਾਰ ਨੂੰ ਸੁਰੱਖਿਅਤ ਘਰ ਪਹੁੰਚਾਉਣ ਦੀ ਬੇਨਤੀ ਕਰ ਰਹੇ ਹਨ।
ਇੱਕ ਦਿਨ ਪਹਿਲਾਂ 240 ਭਾਰਤੀ ਸੁਰੱਖਿਅਤ ਘਰ ਪਰਤੇ ਸਨ ਅਤੇ ਅੱਜ ਵੀਰਵਾਰ ਨੂੰ 182 ਭਾਰਤੀ ਨਾਗਰਿਕਾਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਨਵੀਂ ਦਿੱਲੀ ਪਹੁੰਚਾਇਆ ਗਿਆ। ਮੰਨਿਆ ਜਾ ਰਿਹਾ ਹੈ ਕਿ ਸੈਂਕੜੇ ਭਾਰਤੀ ਅਜੇ ਵੀ ਉਥੇ ਫਸੇ ਹੋਏ ਹਨ। ਭਾਰਤ ਵਿਚ ਯੂਕਰੇਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਯੂਕਰੇਨ ਇੰਟਰਨੈਸ਼ਨਲ ਏਅਰਲਾਈਨਜ਼ (ਯੂਆਈਏ) ਦੀ ਇੱਕ ਵਿਸ਼ੇਸ਼ ਉਡਾਣ ਅੱਜ ਸਵੇਰੇ 7:45 ਵਜੇ ਰਾਜਧਾਨੀ ਕੀਵ ਤੋਂ ਦਿੱਲੀ ਹਵਾਈ ਅੱਡੇ ਉੱਤੇ ਵਿਦਿਆਰਥੀਆਂ ਸਮੇਤ 182 ਭਾਰਤੀ ਨਾਗਰਿਕਾਂ ਨੂੰ ਲੈ ਕੇ ਉਤਰੀ ਹੈ।
ਇਸ ਦੌਰਾਨ ਯੂਕਰੇਨ ਨੇ ਦੇਸ਼ ਅੰਦਰ ਸਿਵਲ ਏਅਰਕ੍ਰਾਫਟ ਦੀਆਂ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਨੋਟਮ (ਏਅਰ ਮਿਸ਼ਨ ਨੂੰ ਨੋਟਿਸ) ਜਾਰੀ ਕੀਤਾ ਗਿਆ ਹੈ। ਏਅਰ ਇੰਡੀਆ ਦੀ ਦੂਜੀ ਵਿਸ਼ੇਸ਼ ਉਡਾਣ AI-1947 ਅੱਜ ਸਵੇਰੇ ਯੂਕਰੇਨ ਦੇ ਬੋਰੀਸਪਿਲ ਹਵਾਈ ਅੱਡੇ ਲਈ ਰਵਾਨਾ ਹੋ ਗਈ ਹੈ। ਇਸ ਦੇ ਨਾਲ ਹੀ ਏਅਰ ਇੰਡੀਆ ਵੀ ਭਾਰਤੀ ਮੂਲ ਦੇ ਲੋਕਾਂ ਨੂੰ ਵਾਪਸ ਲਿਆਉਣ 'ਚ ਲੱਗੀ ਹੋਈ ਹੈ।