ਯੂਕਰੇਨ ਨੇ PM ਮੋਦੀ ਤੋਂ ਮੰਗੀ ਮਦਦ, ਕਿਹਾ- PM ਮੋਦੀ ਰੂਸੀ ਰਾਸ਼ਟਰਪਤੀ ਨਾਲ ਕਰਨ ਗੱਲਬਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

''ਵਿਸ਼ਵ ਨੇਤਾ ਵਜੋਂ ਮੋਦੀ ਦੀ ਸਾਖ ਹੋਣ ਕਾਰਨ ਪੁਤਿਨ ਉਨ੍ਹਾਂ ਦੀ ਗੱਲ ਜ਼ਰੂਰ ਸੁਣਨਗੇ''

Russia Ukraine War Update

 

ਕੀਵ : ਲੰਬੇ ਤਣਾਅ ਤੋਂ ਬਾਅਦ ਰੂਸ ਨੇ ਵੀਰਵਾਰ ਸਵੇਰੇ 8:30 ਵਜੇ ਯੂਕਰੇਨ 'ਤੇ ਹਮਲਾ ਕਰ ਦਿੱਤਾ। ਮਿਜ਼ਾਈਲ ਹਮਲੇ ਵਿੱਚ 9 ਯੂਕਰੇਨੀ ਨਾਗਰਿਕ ਮਾਰੇ ਗਏ ਹਨ। ਰੂਸੀ ਫੌਜੀ ਯੂਕਰੇਨ ਦੇ ਕਈ ਇਲਾਕਿਆਂ ਵਿੱਚ ਪਹੁੰਚ ਗਏ ਹਨ। ਇਧਰ, ਯੂਕਰੇਨ ਨੇ ਭਾਰਤ ਤੋਂ ਮਦਦ ਮੰਗੀ ਹੈ, ਉਥੇ ਹੀ ਦੂਜੇ ਪਾਸੇ ਯੂਰਪੀਅਨ ਯੂਨੀਅਨ ਨੇ ਰੂਸ ਦੀ ਅਰਥਵਿਵਸਥਾ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਹੈ।

 

ਭਾਰਤ ਵਿੱਚ ਯੂਕਰੇਨ ਦੇ ਰਾਜਦੂਤ ਨੇ ਕਿਹਾ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੂਸੀ ਰਾਸ਼ਟਰਪਤੀ ਨਾਲ ਗੱਲ ਕਰਨੀ ਚਾਹੀਦੀ ਹੈ। ਵਿਸ਼ਵ ਨੇਤਾ ਵਜੋਂ ਮੋਦੀ ਦੀ ਸਾਖ ਹੋਣ ਕਾਰਨ ਪੁਤਿਨ ਉਨ੍ਹਾਂ ਦੀ ਗੱਲ ਜ਼ਰੂਰ ਸੁਣਨਗੇ। ਦੂਜੇ ਪਾਸੇ ਯੂਕਰੇਨ ਦਾ ਦਾਅਵਾ ਹੈ ਕਿ ਉਸ ਨੇ ਰੂਸ ਦੇ 6 ਲੜਾਕੂ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ ਹੈ।

ਦੱਸਿਆ ਜਾਂਦਾ ਹੈ ਕਿ ਯੂਕਰੇਨ ਦੇ ਕਈ ਪਿੰਡਾਂ 'ਤੇ ਰੂਸੀ ਫੌਜ ਨੇ ਕਬਜ਼ਾ ਕਰ ਲਿਆ ਹੈ। ਇੱਥੇ ਲੜੀਵਾਰ ਧਮਾਕੇ ਹੋ ਰਹੇ ਹਨ। ਇਸ ਦੌਰਾਨ ਰੂਸ ਨੇ ਵੀ ਬੇਲਾਰੂਸ ਸਰਹੱਦ ਤੋਂ ਹਮਲਾ ਕੀਤਾ। ਰੂਸ ਹੁਣ ਯੂਕਰੇਨ 'ਤੇ ਤਿੰਨ ਪਾਸਿਆਂ ਤੋਂ ਹਮਲਾ ਕਰ ਰਿਹਾ ਹੈ।

 

 

ਦੂਜੇ ਪਾਸੇ ਨਾਟੋ ਵੀ ਹੁਣ ਰੂਸ ਦੇ ਖਿਲਾਫ ਜਵਾਬੀ ਫੌਜੀ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਜਿੱਥੇ ਰੂਸੀ ਰਾਸ਼ਟਰਪਤੀ ਹਮਲੇ ਦੀ ਗੱਲ ਮੰਨ ਰਹੇ ਹਨ, ਉਥੇ ਹੀ ਉਨ੍ਹਾਂ ਦੀ ਫੌਜ ਨੇ ਕਿਹਾ ਹੈ ਕਿ ਉਸ ਨੇ ਹੁਣ ਤੱਕ ਯੂਕਰੇਨ 'ਤੇ ਹਮਲਾ ਨਹੀਂ ਕੀਤਾ ਹੈ। ਜ਼ਿਕਰਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰਾਸ਼ਟਰੀ ਟੈਲੀਵਿਜ਼ਨ 'ਤੇ ਹਮਲੇ ਦਾ ਐਲਾਨ ਕੀਤਾ ਸੀ। ਉਹਨਾਂ ਨੇ ਧਮਕੀ ਭਰੇ ਲਹਿਜੇ 'ਚ ਕਿਹਾ ਕਿ ਜੇਕਰ ਕੋਈ ਰੂਸ ਅਤੇ ਯੂਕਰੇਨ ਵਿਚਾਲੇ ਦਖਲਅੰਦਾਜ਼ੀ ਕਰੇਗਾ ਤਾਂ ਨਤੀਜਾ ਬਹੁਤ ਮਾੜਾ ਹੋਵੇਗਾ। 

 ਇਸ ਦੇ ਨਾਲ ਹੀ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਨੇ ਯੂਕਰੇਨ ’ਤੇ ਰੂਸ ਦੀ ਕਾਰਵਾਈ ਦੀ ਕੀਤੀ ਨਿੰਦਾ ਹੈ। ਉਹਨਾਂ ਕਿਹਾ ਕਿ ਕੈਨੇਡਾ ਸਭ ਤੋਂ ਸਖ਼ਤ ਸੰਭਵ ਸ਼ਬਦਾਂ ਵਿਚ ਰੂਸ ਦੇ ਯੂਕਰੇਨ ’ਤੇ ਘੋਰ ਭਿਆਨਕ ਹਮਲੇ ਦੀ ਨਿੰਦਾ ਕਰਦਾ ਹੈ। ਇਹ ਕਾਰਵਾਈਆਂ ਯੂਕਰੇਨ ਦੀ ਪ੍ਰਭੂਸੱਤਾ ਤੇ ਭੂਗੋਲਿਕ ਅਖੰਡਤਾ ਅਤੇ ਰੂਸ ਦੀ ਕੌਮਾਂਤਰੀ ਕਾਨੂੰਨਾਂ ਅਧੀਨ ਜ਼ਿੰਮੇਵਾਰੀ ਦੀ ਸਪੱਸ਼ਟ ਉਲੰਘਣਾ ਹਨ।