ਯੂਕਰੇਨ ਵਿਚ ਰੂਸੀ ਹਮਲਾ ਸ਼ੁਰੂ, ਰਾਜਧਾਨੀ ਕੀਵ ਸਮੇਤ ਕਈ ਥਾਵਾਂ 'ਤੇ ਸੁਣੇ ਗਏ ਸ਼ਕਤੀਸ਼ਾਲੀ ਧਮਾਕੇ
ਰੂਸੀ ਫੌਜ ਦੇ ਦਾਖਲ ਹੋਣ ਦੇ ਚੱਲਦਿਆਂ ਯੂਕਰੇਨ ਨੇ ਮਾਰਸ਼ਲ ਲਾਅ ਲਗਾ ਦਿੱਤਾ ਹੈ।
ਕੀਵ - ਰੂਸ ਨੇ ਯੂਕਰੇਨ 'ਤੇ ਹਮਲਾ ਕਰ ਦਿੱਤਾ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਫੌਜੀ ਕਾਰਵਾਈ ਦੇ ਐਲਾਨ ਤੋਂ ਬਾਅਦ ਯੂਕਰੇਨ ਵਿਚ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ। ਯੂਕਰੇਨ ਦੀ ਰਾਜਧਾਨੀ ਕੀਵ 'ਤੇ ਕਰੂਜ਼ ਅਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਫੌਜੀ ਕਾਰਵਾਈ ਦਾ ਐਲਾਨ ਕਰਦੇ ਹੋਏ ਪੁਤਿਨ ਨੇ ਇਹ ਧਮਕੀ ਵੀ ਦਿੱਤੀ ਕਿ ਇਸ ਮਾਮਲੇ 'ਚ ਕਿਸੇ ਨੂੰ ਵੀ ਦਖ਼ਲ ਨਹੀਂ ਦੇਣਾ ਚਾਹੀਦਾ, ਨਹੀਂ ਤਾਂ ਨਤੀਜਾ ਮਾੜਾ ਹੋਵੇਗਾ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਯੂਕਰੇਨ-ਰੂਸ ਜੰਗ ਨੂੰ ਟਾਲਿਆ ਨਹੀਂ ਜਾ ਸਕਦਾ। ਇਸ ਲਈ ਰੂਸ ਵਿਸ਼ੇਸ਼ ਫੌਜੀ ਕਾਰਵਾਈ ਸ਼ੁਰੂ ਕਰ ਰਿਹਾ ਹੈ। ਇਸ ਦਾ ਟੀਚਾ ਯੂਕਰੇਨ ਉੱਤੇ ਕਬਜ਼ਾ ਕਰਨਾ ਨਹੀਂ ਹੈ। ਪੁਤਿਨ ਨੇ ਯੂਕਰੇਨ ਦੀ ਫੌਜ ਨੂੰ ਹਥਿਆਰ ਸੁੱਟਣ ਅਤੇ ਘਰ ਜਾਣ ਲਈ ਕਿਹਾ ਹੈ।
ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਪੁਤਿਨ ਨੇ ਪੂਰੇ ਪੈਮਾਨੇ 'ਤੇ ਹਮਲਾ ਸ਼ੁਰੂ ਕਰ ਦਿੱਤਾ ਹੈ। ਸ਼ਾਂਤੀਪੂਰਨ ਯੂਕਰੇਨ 'ਤੇ ਹਮਲਾ ਹੋਇਆ ਹੈ। ਇਹ ਹਮਲਾਵਰ ਜੰਗ ਹੈ। ਯੂਕਰੇਨ ਇਸ ਵਿੱਚ ਆਪਣਾ ਬਚਾਅ ਕਰੇਗਾ ਅਤੇ ਜਿੱਤੇਗਾ। ਰੂਸੀ ਫੌਜ ਦੇ ਦਾਖਲ ਹੋਣ ਦੇ ਚੱਲਦਿਆਂ ਯੂਕਰੇਨ ਨੇ ਮਾਰਸ਼ਲ ਲਾਅ ਲਗਾ ਦਿੱਤਾ ਹੈ।