ਪਾਕਿਸਤਾਨ ਸਰਕਾਰ ਮੰਦਰਾਂ ਤੇ ਗੁਰਦੁਆਰਿਆਂ ਦੇ ਨਵੀਨੀਕਰਨ ਲਈ ਖ਼ਰਚੇਗੀ ਅਰਬਾਂ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨੀ ਰੁਪਏ ਦੇ ਬਜਟ ਨਾਲ ਵਿਕਾਸ ਕਾਰਜ ਕੀਤੇ ਜਾਣਗੇ।

Pakistan government to spend billions of rupees for renovation of temples and gurdwaras

ਲਾਹੌਰ: ਪਾਕਿਸਤਾਨ ਸਰਕਾਰ ਨੇ ਦੇਸ਼ ਵਿਚ ਮੰਦਰਾਂ ਅਤੇ ਗੁਰਦੁਆਰਿਆਂ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਲਈ 1 ਅਰਬ ਪਾਕਿਸਤਾਨੀ ਰੁਪਏ ਦੀ ਲਾਗਤ ਨਾਲ ਇਕ ‘ਮਾਸਟਰ ਪਲਾਨ’ ਤਿਆਰ ਕੀਤਾ ਹੈ। ਇਹ ਫ਼ੈਸਲਾ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਮੁਖੀ ਸਈਦ ਅਤੌਰ ਰਹਿਮਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ। ਰਹਿਮਾਨ ਨੇ ਕਿਹਾ, ‘ਮਾਸਟਰ ਪਲਾਨ ਤਹਿਤ, ਮੰਦਰਾਂ ਅਤੇ ਗੁਰਦੁਆਰਿਆਂ ਦਾ ਨਵੀਨੀਕਰਨ ਅਤੇ ਸੁੰਦਰੀਕਰਨ ਕੀਤਾ ਜਾਵੇਗਾ ਅਤੇ 1 ਅਰਬ ਪਾਕਿਸਤਾਨੀ ਰੁਪਏ ਦੇ ਬਜਟ ਨਾਲ ਵਿਕਾਸ ਕਾਰਜ ਕੀਤੇ ਜਾਣਗੇ।’

ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਦੇ ਪੂਜਾ ਸਥਾਨਾਂ ਦੀ ਦੇਖਭਾਲ ’ਤੇ ਬਹੁਤ ਸਾਰਾ ਪੈਸਾ ਖ਼ਰਚ ਕੀਤਾ ਜਾ ਰਿਹਾ ਹੈ। ਰਹਿਮਾਨ ਨੇ ਇਹ ਵੀ ਕਿਹਾ ਕਿ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਨੂੰ ਇਸ ਸਾਲ 1 ਅਰਬ ਰੁਪਏ ਤੋਂ ਵੱਧ ਦਾ ਮਾਲੀਆ ਪ੍ਰਾਪਤ ਹੋਇਆ ਹੈ। ਇਸ ਮੀਟਿੰਗ ਵਿਚ ਦੇਸ਼ ਭਰ ਦੇ ਹਿੰਦੂ ਅਤੇ ਸਿੱਖ ਭਾਈਚਾਰਿਆਂ ਦੇ ਮੈਂਬਰਾਂ ਦੇ ਨਾਲ-ਨਾਲ ਸਰਕਾਰੀ ਅਤੇ ਗ਼ੈਰ-ਸਰਕਾਰੀ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਈਟੀਪੀਬੀ ਵਿਕਾਸ ਯੋਜਨਾ ਵਿੱਚ ਸੋਧ ਦੀ ਜ਼ਰੂਰਤ ਦੇ ਬਾਰੇ ਵਿਚ ਅਪਣੀ ਗੱਲ ਰੱਖ ਰਹੇ ਬੋਰਡ ਸਕੱਤਰ ਫਰੀਦ ਇਕਬਾਲ ਨੇ ਮੈਂਬਰਾਂ ਨੂੰ ਦਸਿਆ ਕਿ ਵਿਭਾਗ ਦੀ ਆਮਦਨ ਵਧਾਉਣ ਦੇ ਉਦੇਸ਼ ਨਾਲ ਯੋਜਨਾ ਵਿੱਚ ਬਦਲਾਅ ਕਰਨ ਤੋਂ ਬਾਅਦ, ਹੁਣ ਟਰੱਸਟ ਦੀਆਂ ਜਾਇਦਾਦਾਂ ਨੂੰ ਵਿਕਾਸ ਲਈ ਪੇਸ਼ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ, ‘ਅਜਿਹੀਆਂ ਜ਼ਮੀਨਾਂ, ਜਿਨ੍ਹਾਂ ਦੀ ਵਰਤੋਂ ਲੰਬੇ ਸਮੇਂ ਤੋਂ ਨਹੀਂ ਕੀਤੀ ਗਈ, ਨੂੰ ਵਿਕਾਸ ਲਈ ਦੇਣ ਨਾਲ ਵਿਭਾਗ ਦਾ ਮਾਲੀਆ ਕਈ ਗੁਣਾ ਵਧੇਗਾ।’ ਮੀਟਿੰਗ ਵਿਚ ਵੱਖ-ਵੱਖ ਮੰਦਰਾਂ ਅਤੇ ਗੁਰਦੁਆਰਿਆਂ ਵਿਚ ਵਿਕਾਸ ਅਤੇ ਨਵੀਨੀਕਰਨ ਦੇ ਕੰਮਾਂ ਅਤੇ ‘ਪ੍ਰੋਜੈਕਟ ਮੈਨੇਜਮੈਂਟ ਯੂਨਿਟ ਕਰਤਾਰਪੁਰ ਕੋਰੀਡੋਰ’ ਵਿਚ ਸੰਚਾਲਨ ਕਾਰਜਾਂ ਲਈ ਇਕ ਪ੍ਰੋਜੈਕਟ ਡਾਇਰੈਕਟਰ ਨਿਯੁਕਤ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ।