ਸਰਬਜੀਤ ਕੌਰ ਪਾਕਿਸਤਾਨ ’ਚ ਨਵੀਂ ਮੁਸੀਬਤ ’ਚ ਘਿਰੀ, ਵੀਜ਼ਾ ਦੇ ਗਲਤ ਪ੍ਰਯੋਗ ਕਰਨ ਦੇ ਲੱਗੇ ਦੋਸ਼
ਡਿਪੋਰਟ ਕਰਨ ਦੀ ਮੰਗ ਉੱਠੀ
ਲਾਹੌਰ: ਭਾਰਤੀ ਨਾਗਰਿਕ ਸਰਬਜੀਤ ਕੌਰ, ਜੋ ਨਵੰਬਰ 2025 ਵਿੱਚ ਗੁਰੂ ਨਾਨਕ ਗੁਰਪੁਰਬ ਸਿੱਖ ਜਥੇ ਦੌਰਾਨ ਪਾਕਿਸਤਾਨ ਵਿੱਚ ਲਾਪਤਾ ਹੋ ਗਈ ਸੀ, ਮੁੜ ਚਰਚਾ ਵਿੱਚ ਆ ਗਈ ਹੈ। ਲਾਹੌਰ ਅਦਾਲਤ ਵਿੱਚ ਵਕੀਲ ਅਲੀ ਚੰਗੇਜ਼ੀ ਸੰਧੂ ਵੱਲੋਂ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਵਿੱਚ ਉਸ ਅਤੇ ਉਸਦੇ ਪਾਕਿਸਤਾਨੀ ਪਤੀ ਨਾਸਿਰ ਹੁਸੈਨ ਖ਼ਿਲਾਫ਼ ਵੀਜ਼ਾ ਦੇ ਗਲਤ ਇਸਤੇਮਾਲ ਦੇ ਦੋਸ਼ ਲਗਾਏ ਗਏ ਹਨ। ਪਟੀਸ਼ਨ ਵਿੱਚ ਇਹ ਵੀ ਸਵਾਲ ਉਠਾਇਆ ਗਿਆ ਹੈ ਕਿ ਸਰਬਜੀਤ ਨੇ ਆਪਣੇ ਪਹਿਲੇ ਪਤੀ ਤੋਂ ਤਲਾਕ ਦਾ ਸਬੂਤ ਪੇਸ਼ ਕੀਤਾ ਹੈ ਜਾਂ ਨਹੀਂ।
ਪਹਿਲਾਂ ਰਿਪੋਰਟਾਂ ਵਿੱਚ ਆਇਆ ਸੀ ਕਿ ਸਰਬਜੀਤ ਨੇ ਇਸਲਾਮ ਧਰਮ ਅਪਣਾਇਆ ਅਤੇ ਆਪਣਾ ਨਾਂ ਨੂਰ (ਜਾਂ ਨੂਰ ਹੁਸੈਨ) ਰੱਖ ਕੇ ਨਾਸਿਰ ਹੁਸੈਨ ਨਾਲ ਵਿਆਹ ਕਰ ਲਿਆ। ਇਸ ਤੋਂ ਪਹਿਲਾਂ ਪਾਕਿਸਤਾਨ ਦੀ ਅਦਾਲਤ ਨੇ ਪੁਲਿਸ ਨੂੰ ਹੁਕਮ ਦਿੱਤਾ ਸੀ ਕਿ ਜੋੜੇ ਨੂੰ ਤੰਗ ਨਾ ਕੀਤਾ ਜਾਵੇ। ਉਸ ਤੋਂ ਬਾਅਦ ਸਰਬਜੀਤ ਨੂੰ ਦਰ-ਉਲ-ਅਮਾਨ ਸ਼ੈਲਟਰ ਵਿੱਚ ਰੱਖਿਆ ਗਿਆ ਸੀ ਅਤੇ ਫਿਰ ਅਦਾਲਤ ਦੇ ਹੁਕਮਾਂ ਅਨੁਸਾਰ ਉਸਨੂੰ ਆਪਣੇ ਪਤੀ ਨਾਲ ਭੇਜ ਦਿੱਤਾ ਗਿਆ।