ਪੰਜਾਬੀ ਨੌਜਵਾਨ ਦੁਬਈ 'ਚ ਹੋਇਆ ਲਾਪਤਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਿਆਹ ਤੋਂ 2 ਮਹੀਨੇ ਬਾਅਦ ਏਜੰਟ ਮਨਦੀਪ ਸਿੰਘ ਨਾਲ ਦੁਬਈ ਜਾਣ ਵਾਸਤੇ 1 ਲੱਖ 90 ਹਜ਼ਾਰ ਵਿਚ ਗੱਲ ਹੋਈ ਸੀ

Missing

 ਇਥੇ ਭੁਲੱਥ ਦਾ ਨੌਜਵਾਨ ਖ਼ੁਸ਼ਵਿੰਦਰ ਸਿੰਘ ਦਾ ਦੁਬਈ ਵਿਚ ਭੇਤਭਰੇ ਹਲਾਤਾਂ ਵਿਚ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਧੋਖੇਬਾਜ਼ ਏਜੰਟਾਂ ਵਲੋਂ ਵਿਦੇਸ਼ਾਂ ਵਿਚ ਭੇਜਣ ਦੇ ਬਹਾਨੇ ਨੌਜਵਾਨਾਂ ਨੂੰ ਲੁੱਟਣ ਦਾ ਸਿਲਸਿਲਾ ਜਾਰੀ ਹੈ, ਪ੍ਰੰਤੂ ਪੁਲਿਸ ਪ੍ਰਸ਼ਾਸਨ ਸਮੇਤ ਵਿਜੀਲੈਂਸ ਵਿਭਾਗ ਮਹਿਕਮਾ ਵੀ ਕੁੰਭਕਰਨ ਦੀ ਨੀਂਦ ਸੁੱਤਾ ਜਾਪਦਾ ਹੈ। ਜ਼ਿਲ੍ਹਾ ਪੁਲਿਸ ਕਪਤਾਨ ਕਪੂਰਥਲਾ ਨੂੰ ਲਿਖਤੀ ਦਰਖ਼ਾਸਤ ਰਾਹੀਂ ਪਰਮਜੀਤ ਕੌਰ ਨੇ ਦਸਿਆ ਕਿ ਬੀਤੇ ਵਰ੍ਹੇ ਮਈ ਦੇ ਮਹੀਨੇ ਵਿਚ ਉਸ ਦੇ ਬੇਟੇ ਖੁਸ਼ਵਿੰਦਰ ਸਿੰਘ (23) ਦਾ ਵਿਆਹ ਤਰਨਤਾਰਨ ਦੇ ਪਿੰਡ ਸ਼ਕਰੀ ਵਿਖੇ ਹੋਇਆ ਸੀ। ਉਨ੍ਹਾਂ ਦਸਿਆ ਕਿ ਵਿਆਹ ਤੋਂ 2 ਮਹੀਨੇ ਬਾਅਦ ਏਜੰਟ ਮਨਦੀਪ ਸਿੰਘ ਨਾਲ ਦੁਬਈ ਜਾਣ ਵਾਸਤੇ 1 ਲੱਖ 90 ਹਜ਼ਾਰ ਵਿਚ ਗੱਲ ਹੋਈ ਸੀ ਤੇ ਏਜੰਟ ਵਲੋਂ 26 ਜੁਲਾਈ 2017  ਨੂੰ ਉਸ ਦੇ ਬੇਟੇ ਨੂੰ ਉਕਤ ਏਜੰਟ ਵਲੋਂ ਇਹ ਕਹਿ ਕੇ ਦੁਬਈ ਭੇਜ ਦਿਤਾ ਕਿ ਉਸ ਦਾ ਉਥੇ ਪੱਕੇ ਤੌਰ 'ਤੇ ਕੰਮ ਬਣਾ ਦਿਤਾ ਹੈ ਪ੍ਰੰਤੂ ਦੁਬਈ ਪਹੁੰਚ ਕੇ ਖੁਸ਼ਵਿੰਦਰ ਸਿੰਘ ਨੇ ਫ਼ੋਨ 'ਤੇ ਦਸਿਆ ਕਿ ਉਸ ਨੂੰ ਵਰਕ ਪਰਮਿਟ 'ਤੇ ਨਹੀਂ ਤਿੰਨ ਮਹੀਨੇ ਦੇ ਵਿਜ਼ਟਰ ਵੀਜ਼ੇ 'ਤੇ ਭੇਜਿਆ ਗਿਆ ਹੈ। 

ਉਨ੍ਹਾਂ ਦਸਿਆ ਕਿ ਆਖ਼ਰੀ ਵਾਰ ਉਨ੍ਹਾਂ ਨੂੰ 14 ਨਵੰਬਰ 2017 ਨੂੰ ਫ਼ੋਨ ਆਇਆ ਸੀ ਪ੍ਰੰਤੂ ਉਸ ਦੇ ਬਾਅਦ ਖੁਸ਼ਵਿੰਦਰ ਸਿੰਘ ਦਾ ਕੋਈ ਵੀ ਫ਼ੋਨ ਨਹੀਂ ਆਇਆ। ਉਨ੍ਹਾਂ ਦਸਿਆ ਕਿ ਨਵੰਬਰ 20 ਦੇ ਕਰੀਬ ਖ਼ੁਸ਼ਵਿੰਦਰ ਸਿੰਘ ਦੇ ਕਿਸੇ ਦੋਸਤ ਦਾ ਫ਼ੋਨ ਆਇਆ ਕਿ ਖ਼ੁਸ਼ਵਿੰਦਰ ਸਿੰਘ ਦਾ ਪਾਸਪੋਰਟ ਤੇ ਕਪੜੇ ਉਨ੍ਹਾਂ ਦੇ ਕਮਰੇ ਵਿਚ ਹਨ ਪ੍ਰੰਤੂ ਖ਼ੁਸ਼ਵਿੰਦਰ ਸਿੰਘ ਦਾ ਕੋਈ ਪਤਾ ਨਹੀਂ ਲੱਗ ਰਿਹਾ। ਉਨ੍ਹਾਂ ਦਸਿਆ ਕਿ ਉਸ ਦੇ ਦੋਸਤ ਵਲੋਂ ਹੈਦਰ ਅਲੀ ਨਾਂਅ ਦੇ ਵਿਅਕਤੀ ਪਾਸੋਂ ਜਿਸ ਪਾਸ ਖ਼ੁਸ਼ਵਿੰਦਰ ਸਿੰਘ ਕੰਮ ਕਰਦਾ ਸੀ ਬਾਰੇ ਪੁਛਿਆ ਤਾਂ ਉਸ ਨੇ ਕਿਹਾ ਕਿ ਮੈਂ ਉਸ ਨੂੰ ਭਾਰਤ ਭੇਜ ਦਿਤਾ ਹੈ। ਵਿਧਵਾ ਪਰਮਜੀਤ ਕੌਰ ਨੇ ਭਰੇ ਮਨ ਨਾਲ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਗੁਹਾਰ ਲਗਾਉਂਦੇ ਕਿਹਾ ਕਿ ਉਸ ਦੇ ਪੁੱਤਰ ਦੀ ਭਾਲ ਕੀਤੀ ਜਾਵੇ।