ਗੁਰਮੇਸ਼ ਸਿੰਘ ਬਣੇ ਆਸਟ੍ਰੇਲੀਆ ਦੇ ਪਹਿਲੇ ਸਿੱਖ ਸੰਸਦ ਮੈਂਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨੈਸ਼ਨਲ ਪਾਰਟੀ ਵਲੋਂ ਸਾਊਥ ਵੇਲਸ ਤੋਂ ਜਿੱਤੀ ਚੋਣ

Gurmesh Singh

ਸਿਡਨੀ : ਆਸਟ੍ਰੇਲੀਆ 'ਚ ਪੰਜਾਬੀਆਂ ਦੀ ਚੌਥੀ ਪੀੜ੍ਹੀ ਨੂੰ ਅਪਣਾ ਪਹਿਲਾ ਸਿੱਖ ਸੰਸਦ ਮੈਂਬਰ ਮਿਲ ਗਿਆ ਹੈ। ਆਸਟ੍ਰੇਲੀਆ 'ਚ ਹੋਈਆਂ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਵਿਚ ਸਾਊਥ ਵੇਲਸ ਤੋਂ ਗੁਰਮੇਸ਼ ਸਿੰਘ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਗੁਰਮੇਸ਼ ਸਿੰਘ ਮੂਲ ਰੂਪ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਪਿੰਡ ਭੰਗਲਾਂ ਦੇ ਵਸਨੀਕ ਹਨ।

ਆਸਟ੍ਰੇਲੀਆ ਦੀ ਨੈਸ਼ਨਲ ਪਾਰਟੀ ਨੇ 28 ਸਾਲ ਤਕ ਸੰਸਦ ਮੈਂਬਰ ਰਹੇ ਐਂਡ੍ਰਿਊ ਫ੍ਰੇਜ਼ਰ ਤੋਂ ਬਾਅਦ ਗੁਰਮੇਸ਼ ਸਿੰਘ ਨੂੰ ਸਾਊਥ ਵੇਲਸ ਸੀਟ ਤੋਂ ਚੋਣ ਮੈਦਾਨ 'ਚ ਉਤਾਰਿਆ ਸੀ। ਇਸ ਦੌਰਾਨ  ਕੁੱਲ 41,581 ਵੋਟਾਂ ਵਿਚੋਂ ਗੁਰਮੇਸ਼ ਨੂੰ 18,172 ਵੋਟਾਂ ਪਈਆਂ, ਜਦਕਿ ਬਾਕੀ ਵੋਟਾਂ ਸੱਤ ਹੋਰ ਉਮੀਦਵਾਰਾਂ ਵਿਚ ਵੰਡੀਆਂ ਗਈਆਂ।
ਜ਼ਿਕਰਯੋਗ ਹੈ ਕਿ ਐਂਡ੍ਰਿਊ ਦੇ ਰਾਜਨੀਤੀ ਤੋਂ ਸੰਨਿਆਸ ਲਏ ਜਾਣ ਤੋਂ ਬਾਅਦ ਹੀ ਇਸ ਸੀਟ ਤੋਂ ਗੁਰਮੇਸ਼ ਸਿੰਘ ਨੂੰ ਚੋਣ ਲੜਾਈ ਗਈ। ਇਸ ਮੌਕੇ ਗੁਰਮੇਸ਼ ਸਿੰਘ ਨੇ ਕਿਹਾ ਕਿ ਉਹ ਅਪਣੇ ਤੋਂ ਪਹਿਲਾਂ ਅਪਣੀ ਪਾਰਟੀ ਦੇ ਸੰਸਦ ਮੈਂਬਰ ਐਂਡ੍ਰਿਊ ਦੇ ਨਕਸ਼ੇ ਕਦਮ 'ਤੇ ਚੱਲ ਕੇ ਇਲਾਕੇ ਦਾ ਵਿਕਾਸ ਕਰਵਾਉਣਗੇ।

ਗੁਰਮੇਸ਼ ਸਿੰਘ ਓਜ਼ ਸਹਿਕਾਰੀ ਗਰੁੱਪ ਦੇ ਪ੍ਰਧਾਨ ਵੀ ਹਨ। ਇਹ ਗਰੁੱਪ ਆਸਟ੍ਰੇਲੀਆ 'ਚ ਬਲੂਬੇਰੀ ਉਗਾਉਣ ਵਾਲੇ ਸਿੱਖ ਕਿਸਾਨਾਂ ਦਾ ਇਕ ਸੰਗਠਨ ਹੈ ਅਤੇ ਆਸਟ੍ਰੇਲੀਆ 'ਚ ਬਲੂਬੇਰੀ ਦੇ ਸਭ ਤੋਂ ਵੱਡੇ ਸਪਲਾਈਕਰਤਾਵਾਂ 'ਚੋਂ ਇਕ ਹੈ। ਗੁਰਮੇਸ਼ ਸਿੰਘ ਦੀ ਜਿੱਤ ਨਾਲ ਆਸਟ੍ਰੇਲੀਆ 'ਚ ਵਸਦੇ ਸਮੂਹ ਸਿੱਖ ਭਾਈਚਾਰੇ 'ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਕੌਣ ਹਨ ਗੁਰਮੇਸ਼ ਸਿੰਘ : ਗੁਰਮੇਸ਼ ਸਿੰਘ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਨਾਲ ਸਬੰਧਤ ਹੈ। ਉਨ੍ਹਾਂ ਦੀ ਚੌਥੀ ਪੀੜ੍ਹੀ ਆਸਟ੍ਰੇਲੀਆ 'ਚ ਬਤੌਰ ਨਾਗਰਿਕਤਾ ਰਹਿ ਰਹੀ ਹੈ। ਸੱਭ ਤੋਂ ਪਹਿਲਾਂ ਉਨ੍ਹਾਂ ਦੇ ਦਾਦਾ ਬੇਲਾ ਸਿੰਘ 1890 ਦੇ ਦਹਾਕੇ 'ਚ ਆਸਟ੍ਰੇਲੀਆ ਆਏ ਸਨ ਅਤੇ 1940 ਤੋਂ ਉਨ੍ਹਾਂ ਦਾ ਪਰਿਵਾਰ ਕੌਫਸ ਹਾਰਬਰ ਵਿਖੇ ਰਹਿ ਰਿਹਾ ਹੈ। ਉਹ ਮੁੱਖ ਤੌਰ 'ਤੇ ਖੇਤੀ ਦੇ ਕਿੱਤੇ ਨਾਲ ਸਬੰਧਤ ਹਨ।