ਰੂਸ-ਯੂਕਰੇਨ ਜੰਗ ਦਾ 29ਵਾਂ ਦਿਨ: ਯੂਕ੍ਰੇਨ 'ਤੇ ਰੂਸ ਦੇ ਡਰਾਫਟ ਮਤੇ 'ਤੇ UNSC 'ਚ ਭਾਰਤ ਵੋਟਿੰਗ ਤੋਂ ਰਿਹਾ ਦੂਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤ ਨੇ ਨਹੀਂ ਕੀਤਾ ਰੂਸ ਦਾ ਸਮਰਥਨ

India abstains from vote in UNSC on Russia's draft resolution on Ukraine

 

ਕੀਵ - ਰੂਸ-ਯੂਕਰੇਨ ਜੰਗ ਦਾ ਅੱਜ 29ਵਾਂ ਦਿਨ ਹੈ। ਰੂਸ ਨੇ ਅੱਜ ਯੂਕਰੇਨ ਵਿਚ ਮਨੁੱਖਤਾਵਾਦੀ ਸਥਿਤੀ ਬਾਰੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐਨਐਸਸੀ) ਨੂੰ ਇੱਕ ਖਰੜਾ ਪੇਸ਼ ਕੀਤਾ। ਭਾਰਤ ਨੇ ਇੱਕ ਵਾਰ ਫਿਰ ਨਿਰਪੱਖਤਾ ਦੀ ਨੀਤੀ ਕਾਇਮ ਰੱਖਦੇ ਹੋਏ ਵੋਟਿੰਗ ਤੋਂ ਗੁਰੇਜ਼ ਕੀਤਾ। ਭਾਰਤ ਸਮੇਤ 13 ਦੇਸ਼ਾਂ ਨੇ ਇਸ ਡਰਾਫਟ 'ਤੇ ਵੋਟਿੰਗ 'ਚ ਹਿੱਸਾ ਨਹੀਂ ਲਿਆ। ਜਦਕਿ ਚੀਨ ਅਤੇ ਰੂਸ ਨੇ ਇਸ ਦਾ ਸਮਰਥਨ ਕੀਤਾ ਹੈ।

ਦੂਜੇ ਪਾਸੇ ਇਜ਼ਰਾਈਲ ਨੇ ਰੂਸ ਦੀ ਨਾਰਾਜ਼ਗੀ ਦੇ ਡਰੋਂ ਜਾਸੂਸੀ ਸਾਫਟਵੇਅਰ ਪੈਗਾਸਸ ਸਪਾਈਵੇਅਰ ਯੂਕਰੇਨ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਨਾਟੋ ਨੇ ਯੂਕਰੇਨ ਨੂੰ ਪ੍ਰਮਾਣੂ, ਰਸਾਇਣਕ, ਜੈਵਿਕ ਅਤੇ ਰੇਡੀਓਲੌਜੀਕਲ ਹਮਲਿਆਂ ਤੋਂ ਬਚਣ ਲਈ ਜ਼ਰੂਰੀ ਉਪਕਰਨ ਭੇਜਣ ਲਈ ਕਿਹਾ ਹੈ। ਇਕ ਰਿਪੋਰਟ ਮੁਤਾਬਕ ਰਾਜਧਾਨੀ ਕੀਵ 'ਚ ਰੂਸੀ ਫੌਜ ਦੀ ਗੋਲੀਬਾਰੀ 'ਚ ਰੂਸੀ ਪੱਤਰਕਾਰ ਓਕਸਾਨਾ ਬਾਲੀਨਾ ਦੀ ਮੌਤ ਹੋ ਗਈ। ਯੂਕਰੇਨ ਯੁੱਧ ਬਾਰੇ ਫਰਜ਼ੀ ਖਬਰਾਂ ਫੈਲਾਉਣ ਲਈ ਰੂਸ ਨੇ ਗੂਗਲ ਨਿਊਜ਼ ਸਰਵਿਸ 'ਤੇ ਪਾਬੰਦੀ ਲਗਾ ਦਿੱਤੀ ਹੈ।

ਯੂਕਰੇਨ ਦੇ ਉਪ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁੱਧਵਾਰ ਨੂੰ 4,554 ਲੋਕਾਂ ਨੂੰ ਮਾਰੀਉਪੋਲ ਤੋਂ ਮਨੁੱਖੀ ਗਲਿਆਰੇ ਰਾਹੀਂ ਕੱਢਿਆ ਗਿਆ ਸੀ। ਯੂਕਰੇਨ ਦਾ ਦੋਸ਼ ਹੈ ਕਿ ਰੂਸੀ ਬਲਾਂ ਨੇ ਕਈ ਖੇਤਰਾਂ ਵਿਚ ਜਾਣਬੁੱਝ ਕੇ ਖੇਤੀਬਾੜੀ ਮਸ਼ੀਨਰੀ ਨੂੰ ਨਸ਼ਟ ਕੀਤਾ ਹੈ। ਯੂਕਰੇਨ ਦੇ ਖੇਤੀਬਾੜੀ ਮੰਤਰੀ ਰੋਮਨ ਲੇਸ਼ਚੇਂਕੋ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਫਿਲਹਾਲ ਅਸਤੀਫ਼ੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਕਰੇਨੀ ਬਲਾਂ ਨੇ ਰਾਜਧਾਨੀ ਕੀਵ ਦੇ ਪੂਰਬ ਵਿਚ ਰੂਸੀ ਬਲਾਂ ਨੂੰ ਪਿੱਛੇ ਧੱਕ ਦਿੱਤਾ ਹੈ।

ਇਸ ਦੇ ਨਾਲ ਹੀ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਕ ਵਾਰ ਫਿਰ ਰੂਸ 'ਤੇ ਜੰਗੀ ਅਪਰਾਧਾਂ ਦਾ ਦੋਸ਼ ਲਗਾਇਆ ਹੈ। ਬਲਿੰਕੇਨ ਨੇ ਕਿਹਾ ਕਿ ਰੂਸੀ ਫੌਜ ਜਾਣਬੁੱਝ ਕੇ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਖਾਰਕਿਵ ਓਬਲਾਸਟ ਪ੍ਰਸ਼ਾਸਨਿਕ ਇਮਾਰਤ 'ਤੇ ਰੂਸੀ ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ 24 ਹੋ ਗਈ ਹੈ। ਦੂਜੇ ਪਾਸੇ ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਰੂਸੀ ਸੈਂਟਰਲ ਬੈਂਕ ਦੀ ਗਵਰਨਰ ਐਲਵੀਰਾ ਨਬੀਉਲੀਨਾ ਨੇ ਯੂਕਰੇਨ ਯੁੱਧ ਕਾਰਨ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਪੁਤਿਨ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ।

ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਐਮਰਜੈਂਸੀ ਸਿਖਰ ਸੰਮੇਲਨ ਵਿਚ ਸ਼ਾਮਲ ਹੋਣ ਲਈ ਬ੍ਰਸੇਲਜ਼ ਪਹੁੰਚੇ। ਮੀਡੀਆ ਰਿਪੋਰਟਾਂ ਮੁਤਾਬਕ ਬਿਡੇਨ ਇਸ ਸੰਮੇਲਨ 'ਚ ਰੂਸੀ ਸੰਸਦ ਦੇ ਹੇਠਲੇ ਸਦਨ ਡੂਮਾ ਦੇ 300 ਤੋਂ ਵੱਧ ਮੈਂਬਰਾਂ 'ਤੇ ਪਾਬੰਦੀ ਦਾ ਐਲਾਨ ਕਰ ਸਕਦੇ ਹਨ। ਇਸ ਨਾਲ ਰੂਸ 'ਤੇ ਹੋਰ ਸਖ਼ਤ ਆਰਥਿਕ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਜਾਪਾਨ ਦੇ ਸੰਸਦ ਮੈਂਬਰਾਂ ਨੂੰ ਸੰਬੋਧਨ ਕੀਤਾ। ਰਾਇਟਰਜ਼ ਦੀ ਰਿਪੋਰਟ ਦੇ ਅਨੁਸਾਰ, ਜ਼ੇਲੇਨਸਕੀ ਨੇ ਜਾਪਾਨ ਨੂੰ ਰੂਸ 'ਤੇ ਸਖ਼ਤ ਪਾਬੰਦੀਆਂ ਲਗਾਉਣ ਲਈ ਕਿਹਾ। ਨਾਲ ਹੀ ਰੂਸੀ ਸਮਾਨ 'ਤੇ ਵਪਾਰਕ ਪਾਬੰਦੀਆਂ ਲਗਾ ਕੇ ਦਬਾਅ ਵਧਾਉਣ ਲਈ ਕਿਹਾ।