ਕੈਨੇਡੀਅਨ ਪੀ.ਐੱਮ. ਜਸਟਿਨ ਟਰੂਡੋ ਦਾ 'ਅਰਥ ਡੇਅ' 'ਤੇ ਸੁਨੇਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਟਰੂਡੋ ਨੇ ਕਿਹਾ ਕਿ ਧਰਤੀ ਨੂੰ ਸਾਫ ਅਤੇ ਸੁਰੱਖਿਅਤ ਰੱਖਣਾ ਸਾਡਾ ਫਰਜ਼ ਹੈ

Earth Day

ਓਟਾਵਾ— ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਵਾਸੀਆਂ ਨੂੰ 'ਅਰਥ ਡੇਅ' ਭਾਵ ਧਰਤੀ ਦਿਵਸ ਮੌਕੇ ਖਾਸ ਸੰਦੇਸ਼ ਦਿੱਤਾ ਹੈ। ਟਰੂਡੋ ਨੇ ਕਿਹਾ ਕਿ ਧਰਤੀ ਨੂੰ ਸਾਫ ਅਤੇ ਸੁਰੱਖਿਅਤ ਰੱਖਣਾ  ਸਾਡਾ ਫਰਜ਼ ਹੈ। ਟਰੂਡੋ ਨੇ ਟਵਿੱਟਰ 'ਤੇ ਸੰਦੇਸ਼ ਦਿੰਦਿਆਂ ਕਿਹਾ,''ਅੱਜ ਅਸੀਂ ਕੌਮਾਂਤਰੀ ਭਾਈਚਾਰੇ ਨਾਲ ਮਿਲ ਕੇ ਅਰਥ ਡੇਅ ਮਨਾ ਰਹੇ ਹਾਂ। ਇਹ ਸਮਾਂ ਆਪਣੇ ਆਲੇ-ਦੁਆਲੇ ਨੂੰ ਯਾਦ ਰੱਖਣ ਦਾ ਅਤੇ ਖੁਸ਼ੀ ਨਾਲ ਮਨਾਉਣ ਦਾ ਹੈ। ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਕੈਨੇਡਾ ਕੁਦਰਤੀ ਸੁੰਦਰਤਾ ਨਾਲ ਸਜਿਆ ਹੋਇਆ ਹੈ। ਕੁਦਰਤ ਨੇ ਸਾਨੂੰ ਉੱਚੀਆਂ ਪਹਾੜੀਆਂ, ਝੀਲਾਂ, ਜੰਗਲ ਅਤੇ ਨਦੀਆਂ ਦੀ ਸੁੰਦਰਤਾ ਨਾਲ ਨਵਾਜ਼ਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਅਤੇ ਅੱਗੇ ਉਨ੍ਹਾਂ ਦੇ ਬੱਚਿਆਂ ਲਈ ਧਰਤੀ ਨੂੰ ਸੰਭਾਲ ਕੇ ਰੱਖਈਏ। 

ਟਰੂਡੋ ਨੇ ਕਿਹਾ ਕਿ ਵਾਤਾਵਰਣ ਵਿਚ ਤਬਦੀਲੀ ਸਾਡੇ ਸਮੇਂ ਦੀ ਸਭ ਤੋਂ ਵੱਡੀ ਚੁਣੌਤੀ ਹੈ। ਕੈਨੇਡਾ ਵਿਸ਼ਵ ਦੇ ਉਨ੍ਹਾਂ ਮੁਲਕਾਂ ਨਾਲ ਖੜ੍ਹਾ ਹੈ ਜੋ ਤਬਦੀਲੀ ਦੇ ਖਿਲਾਫ ਹਨ। ਉਨ੍ਹਾਂ ਦੱਸਿਆ ਕਿ 2018 ਦੇ ਬਜਟ 'ਚ ਅਸੀਂ ਕੈਨੇਡੀਅਨ ਇਤਿਹਾਸ 'ਚ ਕੁਦਰਤ ਦੀ ਸੰਭਾਲ ਲਈ ਸਭ ਤੋਂ ਅਹਿਮ ਨਿਵੇਸ਼ ਕੀਤਾ ਹੈ। ਇਹ ਫੰਡ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਹੈ, ਜਿਨ੍ਹਾਂ ਲਈ ਅਸੀਂ ਕੁਦਰਤ ਨੂੰ ਸੁਰੱਖਿਅਤ ਰੱਖ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇਕੱਠੇ ਹੋ ਕੇ ਹੀ ਹਵਾ ਅਤੇ ਪਾਣੀ  ਨੂੰ ਸਾਫ ਰੱਖ ਸਕਦੇ ਹਾਂ, ਜਿਨ੍ਹਾਂ ਨੂੰ ਅਸੀਂ ਸਾਰੇ ਸਾਂਝਾ ਕਰਦੇ ਹਾਂ।