ਟੋਰਾਂਟੋ 'ਚ ਵੈਨ ਨੇ ਦਰੜੇ ਪੈਦਲ ਯਾਤਰੀ, 10 ਦੀ ਮੌਤ, 15 ਤੋਂ ਜ਼ਿਆਦਾ ਜ਼ਖਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਟੋਰਾਂਟੋ ਪੁਲਿਸ ਹੀ ਕਰੇਗੀ

Toronto

ਟੋਰਾਂਟੋ: ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਲੋਕਾਂ ਉੱਤੇ ਚਿੱਟੇ ਰੰਗ ਦੀ ਗੱਡੀ ਚੜ੍ਹਾਉਣ ਵਾਲੇ ਵੈਨ ਚਾਲਾਕ ਨੂੰ ਟੋਰਾਂਟੋ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਘਟਨਾ ਵਿੱਚ 10 ਵਿਅਕਤੀ ਮਾਰੇ ਗਏ ਜਦਕਿ 15 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ। ਡਿਪਟੀ ਪੁਲਿਸ ਚੀਫ ਪੀਟਰ ਯੂਏਨ ਨੇ ਦੱਸਿਆ ਕਿ ਪੁਲਿਸ ਨੂੰ 1:30 ਵਜੇ ਦੇ ਨੇੜੇ ਤੇੜੇ ਕਈ ਫੋਨ ਕਾਲਜ਼ ਮਿਲੀਆਂ ਕਿ ਇਕ ਗੱਡੀ ਯੰਗ ਸਟਰੀਟ ਉੱਤੇ ਕਈ ਰਾਹਗੀਰਾਂ ਉੱਤੇ ਚੜ੍ਹ ਗਈ ਹੈ ਜਿਸ ਕਾਰਨ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਹ ਘਟਨਾ ਫਿੰਚ ਐਵਨਿਊ ਤੇ ਸ਼ੈਪਰਡ ਐਵਨਿਊ ਦਰਮਿਆਨ ਵਾਪਰੀ। ਯੂਏਨ ਨੇ ਦੱਸਿਆ ਕਿ ਵੈਨ ਚਾਲਾਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਤੇ ਵੈਨ ਨੂੰ ਵੀ ਲੱਭ ਲਿਆ ਗਿਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਚਾਲਾਕ ਦੀ ਪਛਾਣ ਐਲੇਕ ਮਿਨਾਸਿਅਨ ਵਜੋਂ ਕੀਤੀ ਗਈ ਹੈ।


ਮੌਕੇ ਤੋਂ ਪ੍ਰਾਪਤ ਵੀਡੀਓ ਵਿੱਚ ਲਾਸ਼ਾਂ ਢਕੀਆਂ ਨਜ਼ਰ ਆ ਰਹੀਆਂ ਹਨ, ਟੁੱਟੇ ਹੋਏ ਕੱਚ ਦੇ ਸ਼ੀਸ਼ੇ ਇੱਧਰ ਉੱਧਰ ਖਿੱਲਰੇ ਪਏ ਹਨ ਤੇ ਚਿੱਟੇ ਰੰਗ ਦੀ ਇਕ ਰਾਈਡਰ ਵੈਨ ਵੀ ਹਾਦਸੇ ਵਾਲੀ ਥਾਂ ਉੱਤੇ ਮੌਜੂਦ ਹੈ ਜਿਸਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਜਾ ਚੁੱਕਿਆ ਹੈ। ਚਸ਼ਮਦੀਦ ਅਲੀ ਸੇ਼ਖਰ ਨੇ ਦੱਸਿਆ ਕਿ ਵੈਨ ਸਾਈਡਵਾਕ ਉੱਤੇ ਤੇਜ਼ ਰਫਤਾਰ ਨਾਲ ਅੱਗੇ ਵੱਧ ਰਹੀ ਸੀ, ਵੈਨ ਦੱਖਣ ਵੱਲ ਹੀ ਜਾ ਰਹੀ ਸੀ। ਫਿਰ ਅਚਾਨਕ ਹੀ ਵੈਨ ਨੇ ਲੋਕਾਂ ਨੂੰ ਦਰੜਨਾ ਸ਼ੁਰੂ ਕਰ ਦਿੱਤਾ। ਵੈਨ ਦੇ ਡਰਾਈਵਰ ਦੇ ਰਾਹ ਵਿੱਚ ਜੋ ਕੁੱਝ ਵੀ ਆ ਰਿਹਾ ਸੀ ਉਹ ਉਸ ਉਤੇ ਗੱਡੀ ਚੜ੍ਹਾਈ ਜਾ ਰਿਹਾ ਸੀ।
ਸਨੀਬਰੁੱਕ ਹਸਪਤਾਲ ਦੇ ਡਾ. ਡੈਨ ਕੈਸ਼ ਨੇ ਸ਼ਾਮੀਂ 5:00 ਵਜੇ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਟਰਾਮਾ ਸੈਂਟਰ ਵਿੱਚ ਹੁਣ ਤੱਕ 10 ਵਿਅਕਤੀਆਂ ਨੂੰ ਲਿਆਂਦਾ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਦੋ ਵਿਅਕਤੀਆਂ ਨੂੰ ਤਾਂ ਹਸਪਤਾਲ ਪਹੁੰਚਣ ਸਾਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਪੰਜ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਤਿੰਨ ਹੋਰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਨ। ਨੌਰਥ ਯੌਰਕ ਜਨਰਲ ਹਾਸਪਿਟਲ ਵਿੱਚ ਵੀ ਕਈ ਵਿਅਕਤੀਆਂ ਨੂੰ ਦਾਖਲ ਕਰਵਾਇਆ ਗਿਆ ਹੈ। ਅਜੇ ਤੱਕ ਇਸ ਹਾਦਸੇ ਵਿੱਚ ਮਾਰੇ ਗਏ ਜਾਂ ਜ਼ਖ਼ਮੀ ਵਿਅਕਤੀਆਂ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਗਈ ਹੈ। ਇਨਵੈਸਕੋ ਕੈਨੇਡਾ ਦੇ ਪ੍ਰੈਜ਼ੀਡੈਂਟ ਪੀਟਰ ਇਨਟਰਾਲਿਗੀ ਨੇ ਦੱਸਿਆ ਕਿ ਇਨਵੈਸਕੋ ਦੇ ਦੋ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਟੋਰਾਂਟੋ ਪਬਲਿਕ ਲਾਇਬ੍ਰੇਰੀ ਨੇ ਦੱਸਿਆ ਕਿ ਨੌਰਥ ਯੌਰਕ ਸੈਂਟਰਲ ਬ੍ਰਾਂਚ ਵਿੱਚ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਦੀ ਵੀ ਉੱਘਸੁੱਘ ਲਈ ਜਾ ਰਹੀ ਹੈ ਤਾਂ ਕਿ ਪਤਾ ਚੱਲ ਸਕੇ ਕਿ ਉਹ ਸੱਭ ਸਹੀ ਸਲਾਮਤ ਹਨ।


ਹਾਦਸੇ ਸਮੇਂ ਟੋਰਾਂਟੋ ਵਿੱਚ ਜੀ 7 ਮੰਤਰੀਆਂ ਨਾਲ ਮੁਲਾਕਾਤ ਕਰ ਰਹੇ ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਨੇ ਆਖਿਆ ਕਿ ਮਾਮਲੇ ਦੀ ਜਾਂਚ ਟੋਰਾਂਟੋ ਪੁਲਿਸ ਹੀ ਕਰੇਗੀ। ਗੁਡੇਲ ਨੇ ਆਖਿਆ ਕਿ ਨੈਸ਼ਨਲ ਟੈਰੋਰਿਜ਼ਮ ਥਰੈੱਟ ਲੈਵਲ ਨਹੀਂ ਬਦਲਿਆ ਹੈ। ਇਹ ਪਹਿਲਾਂ ਵਾਂਗ ਮੀਡੀਅਮ ਹੀ ਹੈ। ਇਹ ਪੁੱਛੇ ਜਾਣ ਉੱਤੇ ਕਿ ਕੀ ਇਹ ਅੱਤਵਾਦੀ ਘਟਨਾ ਹੈ ਤਾਂ ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿੰਨ ਨੇ ਟੋਰਾਂਟੋ ਦੇ ਪੱਤਰਕਾਰਾਂ ਨੂੰ ਕਿਹਾ ਕਿ ਹਾਲ ਦੀ ਘੜੀ ਇਸ ਬਾਰੇ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ।