ਯਮਨ: ਵਿਆਹ ਸਮਾਗਮ 'ਚ ਹਵਾਈ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਲਾੜੀ ਸਮੇਤ 20 ਜਣਿਆਂ ਦੀ ਮੌਤ, 40 ਜ਼ਖ਼ਮੀ

Yaman Attack

ਸਾਊਦੀ ਅਰਬ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਐਤਵਾਰ ਦੇਰ ਸ਼ਾਮ ਯਮਨ ਦੇ ਉੱਤਰ-ਪੱਛਮ ਸੂਬੇ 'ਚ ਮਿਜ਼ਾਈਲ ਹਮਲਾ ਕੀਤਾ, ਜਿਸ 'ਚ 20 ਲੋਕਾਂ ਦੀ ਮੌਤ ਹੋ ਗਈ। ਇਹ ਹਮਲਾ ਇਕ ਵਿਆਹ ਸਮਾਗਮ 'ਚ ਇਕੱਤਰ ਹੋਏ ਲੋਕਾਂ 'ਤੇ ਕੀਤਾ ਗਿਆ। ਯਮਨ ਦੇ ਹਾਜ਼ਾ ਸੂਬੇ ਦੇ ਸਿਹਤ ਅਧਿਕਾਰੀ ਖ਼ਾਲਿਦ ਅਲ-ਨਾਧਰੀ ਨੇ ਕਿਹਾ ਕਿ ਮ੍ਰਿਤਕਾਂ 'ਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਸ਼ਾਮਲ ਹਨ। ਇਸ ਹਮਲੇ 'ਚ ਕੁਲ 40 ਲੋਕ ਜ਼ਖ਼ਮੀ ਹੋਏ ਹਨ। ਹਮਲੇ 'ਚ ਲਾੜੀ ਦੀ ਵੀ ਮੌਤ ਹੋ ਗਈ।
ਹਸਪਤਾਲ ਮੁਖੀ ਮੁਹੰਮਦ ਅਲ-ਸੋਮਾਲੀ ਨੇ ਕਿਹਾ ਕਿ ਹਮਲੇ ਮਗਰੋਂ ਕੁਲ 45 ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਸ 'ਚ ਲਾੜਾ ਵੀ ਸ਼ਾਮਲ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਸਨਿਚਰਵਾਰ ਨੂੰ ਇਕ ਅਣਪਛਾਤੇ ਡਰੋਨ ਨੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਦੇ ਰਾਇਲ ਪੈਲੇਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਮਗਰੋਂ ਸੁਰੱਖਿਆ ਫ਼ੋਰਸ ਨੇ ਉਸ ਨੂੰ ਤਬਾਹ ਕਰ ਦਿਤਾ ਸੀ। ਯਮਨ 'ਚ ਹੂਤੀ ਬਾਗ਼ੀਆਂ ਵਿਰੁਧ ਸਾਊਦੀ ਅਰਬ ਲਗਾਤਾਰ ਯੁੱਧ ਲੜ ਰਿਹਾ ਹੈ। ਦੋਵੇਂ ਦੇਸ਼ ਕਈ ਵਾਰ ਇਕ-ਦੂਜੇ 'ਤੇ ਮਿਜ਼ਾਈਲ ਹਮਲੇ ਕਰ ਚੁਕੇ ਹਨ। ਯਮਨ 'ਚ ਹੂਤੀ ਬਾਗ਼ੀਆਂ ਨੇ ਰਾਜਧਾਨੀ ਸਨਾ ਸਮੇਤ ਪੂਰੇ ਉੱਤਰੀ ਖੇਤਰ 'ਤੇ ਕਬਜ਼ਾ ਕੀਤਾ ਹੋਇਆ ਹੈ।
ਇਸ ਯੁੱਧ 'ਚ ਪਿਛਲੇ ਤਿੰਨ ਸਾਲ ਵਿਚ 10 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ, ਲੱਖਾਂ ਲੋਕ ਜ਼ਖ਼ਮੀ ਅਤੇ 30 ਲੱਖ ਤੋਂ ਵੱਧ ਲੋਕ ਪਲਾਇਨ ਕਰ ਚੁਕੇ ਹਨ।  (ਪੀਟੀਆਈ)