ਸ੍ਰੀਲੰਕਾ ਬੰਬ ਧਮਾਕੇ ਵਿਚ ਹਮਲਾਵਰ ਦੀ ਪਤਨੀ ਅਤੇ ਭੈਣ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸ੍ਰੀਲੰਕਾ ਦੀ ਰਾਜਧਾਨੀ ਵਿਚ ਈਸਟਰ ਐਤਵਾਰ ਨੂੰ ਹੋਏ ਬੰਬ ਧਮਾਕੇ ਵਿਚ ਸ਼ਾਂਗਰੀ-ਲਾ ਹੋਟਲ ‘ਤੇ ਹਮਲਾ ਕਰਨ ਵਾਲੇ ਆਤਮਘਾਤੀ ਹਮਲਾਵਰ ਦੀ ਪਤਨੀ ਅਤੇ ਭੈਣ ਦੀ ਵੀ ਮੌਤ ਹੋ ਗਈ।

Sri lanka Blast

ਕੋਲੰਬੋ: ਸ੍ਰੀਲੰਕਾ ਦੀ ਰਾਜਧਾਨੀ ਵਿਚ ਈਸਟਰ ਐਤਵਾਰ ਨੂੰ ਹੋਏ ਬੰਬ ਧਮਾਕੇ ਵਿਚ ਸ਼ਾਂਗਰੀ-ਲਾ ਹੋਟਲ ‘ਤੇ ਹਮਲਾ ਕਰਨ ਵਾਲੇ ਆਤਮਘਾਤੀ ਹਮਲਾਵਰ ਦੀ ਪਤਨੀ ਅਤੇ ਭੈਣ ਦੀ ਵੀ ਮੌਤ ਹੋ ਗਈ। ਇਕ ਰਿਪੋਰਟ ਅਨੁਸਾਰ ਪੁਲਿਸ ਨੇ ਕੋਲੰਬੋ ਦੀ ਚੀਫ ਮੈਜਿਸਟ੍ਰੇਟ ਅਦਾਲਤ ਨੂੰ ਸੋਮਵਾਰ ਨੂੰ ਇਸ ਬਾਰੇ ਸੂਚਨਾ ਦਿੱਤੀ ਸੀ। ਪੁਲਿਸ ਨੇ ਦੱਸਿਆ ਕਿ ਸ਼ਾਂਗਰੀ-ਲਾ ਹੋਟਲ ਦੇ ਅਤਿਵਾਦੀ ਹਮਲਾਵਰ ਦੀ ਪਹਿਚਾਣ ਇਕ ਫੈਕਟਰੀ ਦੇ ਮਾਲਿਕ ਇੰਸਾਨ ਸੀਲਾਵਾਨ ਦੇ ਰੂਪ ਵਿਚ ਹੋਈ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਦੋਂ ਪੁਲਿਸ ਦੀ ਇਕ ਟੀਮ ਕੋਲੰਬੋ ਦੇ ਇਕ ਸ਼ਹਿਰ ਵਿਚ ਛਾਣ-ਬੀਣ ਕਰਨ ਲਈ ਇਕ ਦੋ ਮੰਜ਼ਿਲਾ ਇਮਾਰਤ ਵਿਚ ਗਈ ਤਾਂ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਹੀ ਬੰਬ ਨਾਲ ਉੜਾ ਦਿੱਤਾ। ਜਿਸ ਨਾਲ ਇਹ ਦੋ ਮੰਜ਼ਿਲਾ ਇਮਾਰਤ ਢਹਿ ਗਈ ਜਿਸ ਵਿਚ ਤਿੰਨ ਪੁਲਿਸ ਕਰਮਚਾਰੀਆਂ ਦੇ ਨਾਲ-ਨਾਲ ਹਮਲਾਵਰ ਦੀ ਪਤਨੀ ਅਤੇ ਭੈਣ ਦੀ ਵੀ ਮੌਤ ਹੋ ਗਈ।

ਇਹਨਾਂ ਬੰਬ ਧਮਾਕਿਆਂ ਵਿਚ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਵਿਚੋਂ 9 ਲੋਕ ਸੀਲਾਵਾਨ ਦੀ ਫੈਕਟਰੀ ਦੇ ਕਰਮਚਾਰੀ ਹਨ। ਪੁਲਿਸ ਨੇ ਸਾਰਿਆਂ ਨੂੰ ਅਦਾਲਤ ਤੋਂ ਛੇ ਮਈ ਤੱਕ ਅਪਣੀ ਰਿਮਾਂਡ ‘ਤੇ ਲਿਆ ਹੈ। ਦੱਸ ਦਈਏ ਕਿ  ਲੰਕਾ ਵਿਚ ਈਸਟਰ ਮੌਕੇ ਹੋਏ ਧਮਾਕਿਆਂ ਵਿਚ 300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਅਤੇ 500 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ। ਸ੍ਰੀਲੰਕਾ ਵਿਚ ਈਸਟਰ ਮੌਕੇ ‘ਤੇ ਗਿਰਜਾਘਰਾਂ ਅਤੇ ਹੋਟਲਾਂ ਵਿਚ ਹੋਏ ਹਮਲਿਆਂ ਵਿਚ 10 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਸੀ।