ਭਾਰਤ 'ਚ ਲਾਕਡਾਊਨ ਕਾਰਨ ਦੇਸ਼ ਦੇ ਚਾਰ ਕਰੋੜ ਕਾਮੇ ਪ੍ਰਭਾਵਤ ਹੋਏ : ਵਿਸ਼ਵ ਬੈਂਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਿਸ਼ਵ ਬੈਂਕ ਨੇ ਕਿਹਾ ਹੈ ਕਿ ਭਾਰਤ 'ਚ ਪਿਛਲੇ ਕਰੀਬ ਇਕ ਮਹੀਨੇ ਤੋਂ ਜਾਰੀ ਦੇਸ਼ਵਿਆਪੀ ਲਾਕਡਾਊਨ ਕਾਰਨ ਦੇਸ਼ ਦੇ ਲੱਗਭਗ ਚਾਰ ਕਰੋੜ ਪ੍ਰਵਾਸੀ ਕਾਮੇ ਪ੍ਰਭਾਵਤ ਹੋਏ ਹਨ।

File Photo

ਵਾਸ਼ਿੰਗਟਨ, 23 ਅਪ੍ਰੈਲ : ਵਿਸ਼ਵ ਬੈਂਕ ਨੇ ਕਿਹਾ ਹੈ ਕਿ ਭਾਰਤ 'ਚ ਪਿਛਲੇ ਕਰੀਬ ਇਕ ਮਹੀਨੇ ਤੋਂ ਜਾਰੀ ਦੇਸ਼ਵਿਆਪੀ ਲਾਕਡਾਊਨ ਕਾਰਨ ਦੇਸ਼ ਦੇ ਲੱਗਭਗ ਚਾਰ ਕਰੋੜ ਪ੍ਰਵਾਸੀ ਕਾਮੇ ਪ੍ਰਭਾਵਤ ਹੋਏ ਹਨ। ਵਿਸ਼ਵ ਬੈਂਕ ਨੇ ਬੁਧਵਾਰ ਨੂੰ ਜਾਰੀ ਇਕ ਰੀਪੋਰਟ 'ਚ ਕਿਹਾ, ''ਭਾਰਤ 'ਚ ਲਾਕਡਾਊਨ ਕਾਰਨ ਦੇਸ਼ ਦੇ ਲੱਗਭਗ ਚਾਰ ਕਰੋੜ ਅੰਦਰੂਨੀ ਪ੍ਰਵਾਸੀਆਂ ਦੀ  ਰੋਜ਼ੀ ਰੋਟੀ 'ਤੇ ਅਸਰ ਪਿਆ ਹੈ। ਪਿਛਲੇ ਕੁੱਝ ਦਿਨਾਂ ਦੌਰਾਨ 50-60 ਹਜ਼ਾਰ  ਲੋਕ ਸ਼ਹਿਰੀ ਕੇਂਦਰਾਂ ਤੋਂ ਪੈਂਡੂ ਖੇਤਰਾ ਵਲ ਚਲੇ ਗਏ ਹਨ।''

ਰੀਪੋਰਟ 'ਚ ਕਿਹਾ ਗਿਆ ਹੈ ਕਿ ਲਾਕਡਾਊਨ ਦੇ ਕਾਰਨ ਨੌਕਰੀ ਜਾਣ ਅਤੇ ਸਮਾਜਿਕ ਦੂਰੀ ਦੇ ਕਾਰਨ ਭਾਰਤ ਅਤੇ ਲਾਟਿਨ ਅਮਰੀਕਾ ਦੇ ਕਈ ਦੇਸ਼ਾਂ 'ਚ ਵੱਡੇ ਪੈਮਾਨੇ 'ਚ ਅੰਦਰੂਨੀ ਪ੍ਰਵਾਸੀਆਂ ਨੂੰ ਵਾਪਸ ਮੁੜਨਾ ਪਿਆ ਹੈ। ਰੀਪੋਰਟ 'ਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਕੋਵਿਡ 19 ਦੀ ਰੋਕਥਾਮ ਦੇ ਉਪਾਆਂ ਨੇ ਇਸ ਮਹਾਂਮਾਰੀ ਨੂੰ ਫੈਲਾਉਣ ਵਿਚ ਯੋਗਦਾਨ ਦਿਤਾ ਹੈ। ਵਿਸ਼ਵ ਬੈਂਕ ਨੇ ਕਿਹਾ ਹੈ ਕਿ ਸਰਕਾਰਾਂ ਨੂੰ ਨਕਦੀ ਟ੍ਰਾਂਸਫਰ ਅਤੇ ਹੋਰ ਸਮਾਜਿਕ ਪ੍ਰੋਗਰਾਮਾਂ ਰਾਹੀਂ ਇਨ੍ਹਾਂ ਪ੍ਰਵਾਸੀਆਂ ਦੀ ਮਦਦ ਕਰਨੀ ਚਾਹੀਦੀ ਹੈ। ਵਿਸ਼ਵ ਬੈਂਕ ਨੇ ਕਿਹਾ ਕਿ ਕੋਰੋਨਾ ਵਾਇਰਸ ਸੰਕਟ ਨੇ ਦਖਣੀ ਏਸ਼ੀਆ 'ਚ ਕੌਮਾਂਤਰੀ ਅਤੇ ਅੰਦਰੂਨੀ, ਦੋਵੇਂ ਪ੍ਰਵਾਸਾਂ ਨੂੰ ਪ੍ਰਭਾਵਤ ਕੀਤਾ ਹੈ।  (ਪੀਟੀਆਈ)