ਭਾਰਤ 'ਚ ਮੁਸਲਮਾਨਾਂ ਵਿਰੁਧ 'ਯੋਜਨਾਬੱਧ ਮੁਹਿੰਮ' 'ਤੇ ਪਾਕਿ ਨੇ ਪ੍ਰਗਟਾਈ ਚਿੰਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੋਸ਼ਲ ਮੀਡੀਆ 'ਤੇ ਫ਼ੈਲ ਰਹੇ ਇਸਲਾਮੋਫੋਬੀਆ ਤੋਂ ਚਿੰਤਤ ਇਸਲਾਮੀ ਦੇਸ਼

File Photo

ਇਸਲਾਮਾਬਾਦ, 23 ਅਪ੍ਰੈਲ : ਪਾਕਿਸਤਾਨ ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਵਿਚਾਲੇ ਭਾਰਤ 'ਚ ਮੁਸਲਮਾਨਾਂ ਦੇ ਵਿਰੁਧ 'ਯੋਜਨਾਬੱਧ ਮੁਹਿੰਮ' ਚਲਾਏ ਜਾਣ ਦਾ ਦੋਸ਼ ਲਾਉਂਦੇ ਹੋਏ ਵੀਰਵਾਰ ਨੂੰ ਕਿਹਾ ਕਿ ਉਹ ਇਸ ਨਾਲ ਚਿੰਤਤ ਹੈ। ਭਾਰਤ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਦੇਸ਼ 'ਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਦੋਸ਼ਾਂ ਨੂੰ ਖਾਰਜ ਕਰ ਦਿਤਾ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਦਿੱਲੀ 'ਚ ਕਿਹਾ ਕਿ ਪਾਕਿਸਤਾਨ ਦੇ ਬੇਤੁਕੇ ਬਿਆਨ ਉਨ੍ਹਾਂ ਦੇ ਦੇਸ਼ ਦੇ ਅੰਦਰੂਨੀ ਮਾਮਲਿਆਂ ਨੂੰ ਖ਼ਰਾਬ ਢੰਗ ਨਾਲ ਸੰਭਾਲਣ ਤੋਂ ਧਿਆਨ ਹਟਾਉਣ ਦੀ ਕੋਸ਼ਿਸ ਹੈ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਬੁਲਾਰਨ ਆਇਸ਼ਾ ਫਾਰੂਕੀ ਨੇ ਵੀਰਵਾਰ ਨੂੰ ਕਿਹਾ, ''ਭਾਰਤ 'ਚ ਬਦਕਿਸਮਤੀ ਨਾਲ ਮੁਸਲਮਾਨਾਂ ਨੂੰ ਖ਼ਤਰੇ ਦੀ ਤਰ੍ਹਾਂ ਵਿਖਾਉਣ ਦੀ ਯੋਜਨਾਬੱਧ ਮੁਹਿੰਮ ਚੱਲ ਰਹੀ ਹੈ ਜੋ ਵੱਖਵਾਦ ਅਤੇ ਭੀੜ ਹਿੰਸਾ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ।''

ਉਨ੍ਹਾਂ ਨੇ ਇਥੇ ਪ੍ਰੈਸ ਕਾਨਫਰੰਸ 'ਚ ਇਹ ਵੀ ਕਿਹਾ ਕਿ ਇਸਲਾਮੀ ਦੇਸ਼ਾਂ ਦੇ ਸੰਗਠਨ ਨੇ ਰਾਜਨੀਤੀਕ ਅਤੇ ਮੀਡੀਆ ਹਲਕਿਆਂ 'ਚ ਅਤੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ 'ਇਸਲਾਮੋਫੋਬੀਆ' ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ, ਜਿਥੇ ਵਾਇਰਸ ਦੇ ਫੈਲਣ ਲਈ ਮੁਸਲਮਾਨਾਂ ਨੂੰ ਜਿੰਮੇਦਾਰ ਠਹਿਰਾਇਆ ਜਾ ਰਿਹਾ ਹੈ।
ਫਾਰੂਕੀ ਨੇ ਦੋਸ਼ ਲਾਇਆ ਕਿ ਕਸ਼ਮੀਰ 'ਚ ਬੇਬੁਨੀਆਦ ਅਤੇ ਫਰਜ਼ੀ ਦੋਸ਼ਾਂ 'ਤੇ ਪੱਤਰਕਾਰਾਂ ਨੂੰ ਹਿਰਾਸਤ 'ਚ ਰਖਿਆ ਗਿਆ ਹੈ, ਜਿਸ 'ਤੇ  ਪਾਕਿਸਤਾਨ ਚਿੰਤਤ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਦੇਸ਼ਾਂ 'ਚ ਫਸੇ ਹੋਏ ਪਾਕਿਸਤਾਨੀਆਂ ਨੂੰ ਘਰ ਵਾਪਸ ਲਿਆਉਣ ਲਈ ਕਦਮ ਚੁੱਕੇ ਜਾ ਰਹੇ ਹਨ।  (ਪੀਟੀਆਈ)